ਨਾਜ਼ਰ ਸਿੰਘ ਦੇ ਘਰ ਵਿੱਚ ਨਿੰਮ ਦਾ ਰੁੱਖ਼ ਸੀ । ਨਾਜ਼ਰ ਨੇ ੳੁਸ ਨੂੰ ਅਾਪਣੇ ਪੁੱਤ ਵਾਂਗ ਹੀ ਪਾਲ਼ਿਆ ਸੀ । ਕਿਸੇ ਵੇਲ਼ੇ ੳੁਸ ਦੀ ਛਾਂ ਹੇਠਾਂ ਸਾਰਾ ਪਰਿਵਾਰ ਰੌਣਕਾਂ ਲਾਈ ਰੱਖਦਾ ਸੀ । ਨਾਜ਼ਰ ਦੀਅਾਂ ਦੋਵੇਂ ਧੀਅਾਂ ਅਤੇ ਪੁੱਤ ਇਸ ਨਿੰਮ ਦੇ ਹੇਠਾਂ ਹੀ ਪੀਘਾਂ ਝੂਟ ਕੇ ਜਵਾਨ ਹੋਏ ਸਨ । ਬੁੱਢੀ ੳੁਮਰੇ ਭਾਵੇਂ ੳੁਸ ਦੇ ਚੇਤੇ ਵਿੱਚੋਂ ਨਮੋਲੀਅਾਂ ਦੀ ਸਾਬਣ ਬਣਾੳੁਣ ਦਾ ਗੁਰ ਵਿਸਰ ਗਿਆ ਪਰ ੳੁਸਨੂੰ ਸੱਕ ਰਗੜ ਕੇ ਲਹੂ ਪੀਣੇ ਫੋੜੇ ਦਾ ਕੀਤਾ ਇਲਾਜ ਅੱਜ ਵੀ ਚੰਗੀ ਤਰਾਂ ਯਾਦ ਸੀ । ਦਾਤਣ ਕੀਤੇ ਬਿਨਾਂ ੳੁਸ ਨੇ ਕਦੇ ਚਾਹ ਵੀ ਨਹੀਂ ਪੀਤੀ ਸੀ । ਨਾਜ਼ਰ ਦੀ ਇਸ ਰੁੱਖ ਨਾਲ਼ ਬਹੁਤ ਪੀਡੀ ਸਾਂਝ ਪੈ ਗਈ ਸੀ ਕਿਉਂ ਜੋ ੳੁਸ ਨੇ ਅਾਪਣੇ ਪੁੱਤਰ ਕਰਮੇ ਦੇ ਜੰਮਣ ਵੇਲ਼ੇੇ ਅਤੇ ਪੋਤਾ ਹੋਣ ਵੇਲ਼ੇ ਇਸੇ ਹੀ ਨਿੰਮ ਦੇ ਪੱਤੇ ਬੰਨ੍ਹੇ ਸਨ ।
ਪਰ ਹੁਣ ਨਾਜ਼ਰ ਦੀ ਨੂੰਹ ਵਿਹੜਾ ਸਾਫ਼ ਕਰਨ ਵੇਲੇ ਨਿੰਮ ਦੇ ਝੜੇੇ ਹੋਏ ਪੱਤੇ ਵੇਖ ਕੇ ਹਰ ਸਮੇਂ ਕਿਚ-ਕਿਚ ਕਰਦੀ ਰਹਿੰਦੀ ਸੀ । ਇੱਕ ਦਿਨ ੳੁਸ ਨੇ ਅਾਪਣੇ ਪਤੀ ਕਰਮੇ ਨੂੰ ਕਿਹਾ ,
" ਮੈਥੋ ਨੀਂ ਅੈਨਾ ਕੂੜਾ ਨਿੱਤ ਹੂੰਝਿਆ ਜਾਂਦਾ , ਉੱਤੋਂ ਸਾਰਾ ਦਿਨ ਪੰਛੀ ਵਿਹੜੇ ਵਿੱਚ ਗੰਦ ਪਾਈ ਰੱਖਦੇ ਅੈ "
ਰੋਜ ਦੀ ਬੁੜ-ਬੁੜ ਤੋਂ ਖਿਝੇ ਕਰਮੇ ਨੇ ਅਾਖ਼ਿਰ ਨਾਜ਼ਰ ਨੂੰ ਬਗ਼ੈਰ ਦੱਸੇ ਹੀ ਨਿੰਮ ਨੂੰ ਵੇਚਣ ਦਾ ਫ਼ੈਸਲਾ ਕਰ ਲਿਆ । ੳੁਸਨੇ ਸ਼ਹਿਰੋਂ ਵਾਢ ਵਾਲੇ ਬੰਦੇ ਬੁਲਾ ਕੇ ਰੁੱਖ਼ ਦਾ ਮੁੱਲ ਪੰਜ ਹਜ਼ਾਰ ਰੂਪੈ ਕਰ ਦਿੱਤਾ ।
ਇਹ ਸੁਣ ਕੇ ਕੋਲ ਖੜ੍ਹਾ ਕਰਮੇ ਦਾ ਪੁੱਤਰ ਬੋਲਿਆ ,
" ਪਾਪਾ,ਅੈਨਾ ਘੱਟ ਮੁੱਲ !! ਮੈ ਤਾਂ ਵਿਗਿਆਨ ਦੀ ਕਿਤਾਬ ਵਿੱਚ ਪੜ੍ਹਿਅੈ ਕਿ ਦਸ ਲੱਖ ਰੂਪੈ ਦੀ ਤਾਂ ਇੱਕ ਰੁੱਖ਼ ਅਾਪਾਂ ਨੂੰ ਸਾਹ ਲੈਣ ਲਈ ਅਾਕਸੀਜਨ ਗੈਸ ਹੀ ਦੇ ਦਿੰਦਾ ਅੈ "
ਰੁੱਖ਼ ਦੇ ਇੱਕ ਹੋਰ ਅਣਮੁੱਲੇ ਗੁਣ ਬਾਰੇ ਸੁਣ ਕੇ ਦੂਰ ਖੜ੍ਹਾ ਬੇਬੱਸ ਨਾਜ਼ਰ ਅੱਖਾਂ ਭਰ ਅਾਇਅਾ ।
ਮਾਸਟਰ ਸੁਖਵਿੰਦਰ ਦਾਨਗੜ੍ਹ
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ