ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

25 Dec 2017

ਅਜ਼ਲਾਂ ਤੋਂ ਚੁੱਪ (ਹਾਇਬਨ)

Image result for clouds stars and half moon with blue light
ਅਜ਼ਲਾਂ ਤੋਂ ਚੁੱਪ (ਹਾਇਬਨ)
ਰਾਤ ਦਾ ਪਿਛਲਾ ਪਹਿਰ ਸੀ। ਪੂਰਣ ਟਿਕਾਉ ਦਾ ਵੇਲ਼ਾ। ਤਾਰਿਆਂ ਭਰੀ ਚੰਗੇਰ ਦੇ ਐਨ ਵਿਚਕਾਰ ਝਾਤੀਆਂ ਮਾਰ ਰਿਹਾ ਸੀ ਅੰਬਰੀਂ ਚੰਨ। ਕਿਤੇ ਵੀ ਕੋਈ ਹਿੱਲ ਜੁਲ ਨਹੀਂ ਹੋ ਰਹੀ ਸੀ ਪਰ ਡੂੰਘੀ ਨੀਲੀ ਚੰਨ ਚਾਨਣੀ ਰੁੱਖਾਂ ਵਿੱਚੋਂ ਚੁੱਪ ਚੁਪੀਤੇ ਝਰ ਰਹੀ ਸੀ। ਅੱਜ ਫੇਰ ਮੇਰੀ ਨੀਂਦ ਉਖੜ ਗਈ ਸੀ ਤੇ ਮੈਂ ਉੱਠ ਕੇ ਕਮਰੇ ' ਪਈ ਵੱਡੀ ਅਰਾਮ ਕੁਰਸੀ 'ਤੇ ਜਾ ਬੈਠਾ। ਕਮਰੇ ਦੀ ਖਿੜਕੀ 'ਚੋਂ ਬਾਹਰ ਨਿਗ੍ਹਾ ਮਾਰਦਿਆਂ ਮੈਨੂੰ ਇਓਂ ਲੱਗਾ ਕਿ ਜਿਵੇਂ ਉਚੇ ਬਿਰਖ ਅਨੰਤ ਕਾਲ ਤੋਂ ਏਥੇ ਖਲੋਤੇ ਹੋਣ ਤੇ ਇਓਂ ਹੀ ਖੜ੍ਹੇ ਰਹਿਣਗੇ ਅਡੋਲ ਤੇ ਅਝੁੱਕ। 
      ਸ਼ਾਂਤੀ ਨਾਲ ਭਰੇ ਉਸ ਕਮਰੇ ' ਹੁਣ ਸਿਰਫ਼ ਵੱਡੀ ਸਾਰੀ ਕੰਧ ਘੜੀ ਦੀ ਟਿਕ ਟਿਕ ਦੀ ਆਵਾਜ਼ ਰਹੀ ਸੀ। ਹੁਣ ਮੈਂ ਕਦੇ ਸਾਹਮਣੇ ਕੰਧ 'ਤੇ ਲਟਕਦੀ ਤਸਵੀਰ ਵੱਲ ਤੇ ਕਦੇ ਆਪਣੀ ਹਮਸਫ਼ਰ ਵੱਲ ਵੇਖਦਾ ਮਨ ਦੀਆਂ ਭਟਕਣਾਂ ਨੂੰ ਟਿਕਾਉਣ ਦੇ ਆਹਰ ' ਸਾਂ ਪਰ ਉਹ ਦੋਵੇਂ ਤਾਂ ਜਿਵੇਂ ਅਜ਼ਲਾਂ ਤੋਂ ਡੂੰਘੀ ਚੁੱਪ ਧਾਰੀ ਬੈਠੀਆਂ ਸਨ। ਤਸਵੀਰ ਦੀ ਚੁੱਪ ਤਾਂ ਕੁਦਰਤੀ ਹੁੰਦੀ ਹੈ ਪਰ ਮੇਰੀ ਸੱਜਣੀ ਦੀ ਚੁੱਪ ਦਾ ਮੈਂ ਕੀ ਕਰਾਂ ਜਿਸ ਨੇ ਕਦੋਂ ਦਾ ਹਵਾ ਦੇ ਬੁੱਲਿਆਂ ਸੰਗ ਆਜ਼ਾਦ ਵਹਿਣਾ ਛੱਡ ਦਿੱਤਾ ਸੀ। ਆਪਣੀ ਏਸ ਚੁੱਪੀ ਲਈ ਉਹ ਬੇਵੱਸ ਸੀ ਤੇ ਸ਼ਾਇਦ ਬਹੁਤ ਹੀ ਮਜਬੂਰ। 
      ਪਲ ਪਲ ਛਿਣ ਛਿਣ ਸਮਾਂ ਬੀਤ ਰਿਹਾ ਸੀ ਤੇ ਮੇਰੇ ਦਿਲ ਦੀ ਧੱਕ ਧੱਕ ਓਸ ਘੜੀ ਦੀ ਟਿਕ ਟਿਕ ਨਾਲ਼ ਤਾਲ ਮਿਲਾਉਣ ਦੀ ਅਸਫਲ ਕੋਸ਼ਿਸ਼ ਕਰ ਰਹੀ ਸੀ। ਅਛੋਪਲੇ ਹੀ ਮੈਂ ਆਪਣੇ ਜੀਵਨ ਸਫ਼ਰ ਦੀਆਂ ਪੱਗਡੰਡੀਆਂ 'ਤੇ ਪਾਈਆਂ ਪੈੜਾਂ ' ਪੈਰ ਧਰ ਆਪਣੀ ਸਾਥਣ ਦੇ ਨਾਲ ਹੋ ਤੁਰਿਆ ਸੀ। ਲੱਗਭੱਗ ਅੱਧੀ ਸਦੀ ਪਹਿਲਾਂ ਅਸਾਂ ਰਲ਼ ਏਸ ਸਫ਼ਰ ਦਾ ਆਰੰਭ ਕੀਤਾ ਸੀ ਇੱਕ ਦੂਜੇ ਪ੍ਰਤੀ ਉਪਜੇ ਵਿਚਾਰਾਂ ਦੀ ਸੁੱਚਮਤਾ ' ਸਫ਼ਰ ਦੀ ਰੰਗਤ ਨੂੰ ਮਾਣਦਿਆਂ। ਪਰ ਮੇਰਾ ਆਪਾ ਸਦਾ ਹੀ ਇਨਕਾਰੀ ਰਿਹਾ ਸੀ ਹੋਸ਼ ਲੁਪਤ ਕਰਨ ਵਾਲੇ ਦ੍ਰਵ ਦੀ ਰੰਗਤ ਤੋਂ  ਮੈਂ ਅਟਕ ਗਿਆ ਸੀ ਓਨਾ ਪਲਾਂ ' ਜਦ ਇੱਕ ਸ਼ਾਮ ਨੂੰ ਹਾਣੀਆਂ ਦੀ ਢਾਣੀ ਦੇ ਰੰਗ ਮਾਣਦਿਆਂ ਉਸ ਨੇ ਮੈਨੂੰ ਉਨ੍ਹਾਂ ਸੰਗ ਜਾ ਰਲਣ ਦਾ ਇਸ਼ਾਰਾ ਕੀਤਾ ਸੀ। ਮੇਰੇ ਅਸਵੀਕਾਰ ਕਰਨ 'ਤੇ ਉਸ ਨੇ ਮੈਨੂੰ ਆਪਣੇ ਕਲਾਵੇ ' ਲੈ ਲਿਆ ਸੀ। ਉਹ ਅਣਕਹੇ ਅਹਿਸਾਸ ਹੁਣ ਕਿਧਰੇ ਅਣਫ਼ਰੋਲੇ ਹੀ ਰਹਿ ਗਏ। 
            ਜੀਵਨ ਸਫ਼ਰ ਦੇ ਅਗੰਮੀ ਪੈਂਡਿਆਂ ਨੂੰ ਸਿੰਜਦਿਆਂ ਦੋਹਾਂ ਰੂਹਾਂ ਨੇ ਰਲ਼ ਉਗਾਈ ਸੀ ਸੁਖਨ ਪਲਾਂ ਦੀ ਰਹਿਤਲ। ਮੇਰੀ ਹਾਨਣ ਆਪਣੇ ਜੀਵਨ ' ਸੀ ਬਹੁਤ ਹੀ ਸਾਤਵਿਕ ਚਿੱਤ। ਸੇਵਾ ਭਾਵ ਦੀ ਮੂਰਤ ਤੇ ਸਹਿਜ ਸੁਭਾਅ। ਨਾ ਕ੍ਰੋਧ ਨਾ ਹੰਕਾਰ ਬੱਸ ਅਥਾਹ ਪਿਆਰ। ਨਾਨਕ ਨਾਮ ਲੇਵਾ ਕੰਠ ਬਾਣੀਆਂ ਦੀ ਨਿੱਤ ਸੇਵਾ। ਇੱਕ ਦੂਜੇ ਨਾ ਕਦੇ ਕੀਤਾ ਗ਼ੁੱਸਾ ਗਿਲਾ ਬੱਸ ਸਰਬ ਸੁਖਨ ਦਾ ਬੇਰੋਕ ਸਿਲਸਿਲਾ। 
     ਕਹਿੰਦੇ ਨੇ ਕਿ ਜੀਵਨ ਨੂੰ ਸਮੁੱਚੇ ਰੂਪ ' ਸਮਝਣਾ ਬੜੀ ਵਿੰਡਬਣਾ ਹੈ ਤੇ ਹਾਜ਼ਰੀ ਦਾ ਮੁੱਲ ਜਾਨਣ ਲਈ ਗ਼ੈਰਹਾਜ਼ਰੀ ਲਾਜ਼ਮੀ ਹੈ। ਮੇਰੇ ਕੋਲ਼ ਉਹ ਹਾਜ਼ਰ ਹੋ ਕੇ ਵੀ ਗ਼ੈਰਹਾਜ਼ਰ ਸੀ ਕਿਸੇ ਗੰਭੀਰ ਰੋਗ ਕਾਰਨ ਚੇਤਨਾ ਤੰਤੂਆਂ ਦੀਆਂ ਗੁੰਝਲਾਂ ਨੇ ਉਸ ਦੀ ਚੇਤਨਤਾਈ ਦੇ ਰੰਗ ਮਾਂਦੇ ਪਾ ਦਿੱਤੇ ਸਨ ਉਹ ਹਰ ਵੇਲ਼ੇ ਚੁੱਪ ਰਹਿਣ ਲੱਗੀ ਤੇ ਭੁੱਖ ਮਰ ਗਈ। ਨਜ਼ਰ ਵੀ ਕੇਵਲ ਸੁਰੰਗ ਦ੍ਰਿਸ਼ ਵਾਲ਼ੀ ਰਹਿ ਗਈ ਤੇ ਚੱਲਣ ਫਿਰਨੋਂ ਵੀ ਹੌਲ਼ੀ ਹੌਲ਼ੀ ਰਹਿੰਦੀ ਗਈ। ਜੱਦੀ ਘਰ ਨੂੰ ਯਾਦ ਕਰਦੀ ਵਿੱਚੇ ਵਿੱਚ ਘੁਲ਼ਦੀ ਹੁਣ ਉਹ ਸਭ ਕੁਝ ਭੁੱਲ ਚੁੱਕੀ ਸੀ ਤੇ ਸਾਨੂੰ ਸਾਰਿਆਂ ਨੂੰ ਵੀ ਕਦੇ ਕਦੇ ਮੈਥੋਂ ਹੀ ਮੇਰੇ ਬਾਰੇ ਪੁੱਛ ਲੈਂਦੀ, "ਤੁਸੀਂ ਕੌਣ ਹੋ?" ਮੈਂ ਵੀ ਉਦਾਸ ਚਿੱਤ ਕਹਿ ਦਿੰਦਾ, "ਤੁਹਾਡਾ ਪਾਪਾ।" ਘਰ ' ਸਾਰੇ ਮੈਨੂੰ ਪਾਪਾ ਜੋ ਕਹਿੰਦੇ ਨੇ। ਬੱਸ ਹੁਣ ਉਸ ਨੂੰ ਇਹੋ ਯਾਦ ਸੀ ਉਸ ਦੀ ਅਜਿਹੀ ਅਵਸਥਾ ਮੇਰੀ ਜ਼ਿੰਦਗੀ ਦੀ ਧਾਰਾ ਹੀ ਬਦਲ ਗਈ। ਹੁਣ ਮੇਰਾ ਮਨ ਉਸ ਪ੍ਰਤੀ ਹੋਰ ਵਧੇਰੇ ਦਇਆਵਾਨ ਤੇ ਸ਼ਰਧਾਲੂ ਹੋ ਗਿਆ ਸੀ। ਉਸ ਦੀ ਮਨ ਨਾਲ ਸੇਵਾ ਕਰਨਾ ਹੀ ਮੇਰੀ ਤੀਰਥ ਯਾਤਰਾ ਹੈ ਮਨ ਦੀ ਖੁਸ਼ੀ ਤੇ ਸਕੂਨ ਵੀ। 
       ਕਹਿੰਦੇ ਨੇ ਕਿ ਜਦੋਂ ਕਿਸੇ ਆਪਣੇ ਦੇ ਮੋਹਵੰਤੇ ਬੋਲ ਤੁਹਾਨੂੰ ਸਦੀਵੀ ਅਲਵਿਦਾ ਕਹਿ ਜਾਣ ਤਾਂ ਤਾਉਮਰ ਕੰਨ ਤਰਸਣੀ ਹੰਢਾਉਂਦੇ ਨੇ। ਉਹ ਆਪਣੀ ਚੁੱਪ ਸਮਾਧੀ 'ਚੋਂ ਕਦੇ ਬਾਹਰ ਹੀ ਨਹੀਂ ਆਈ। ਹੁਣ ਮੈਂ ਉਸ ਦੀ ਨਿਗ੍ਹਾ ਰਾਹੀਂ 'ਇੱਕ' ਸ਼ਬਦ ਸੁਣਨਾ ਲੋਚਦਾ ਹਾਂ ਕਦੇ ਕਦੇ ਉਸ ਦੇ ਨਿਰਬਲ ਕੰਬਦੇ ਹੱਥਾਂ ਨੂੰ ਆਪਣੇ ਹੱਥਾਂ ' ਪਲੋਸ ਚਿਤਵਦਾ ਹਾਂ ,"ਛੋਟੇ ਹੱਥਾਂ ਦੀਆਂ ਵੱਡੀਆਂ ਬਰਕਤਾਂ।" ਤੇ ਬਰਕਤਾਂ ਵਾਲ਼ੇ ਹੱਥ ਮੇਰੇ ਤਿੱਪ ਤਿੱਪ ਵਹਿੰਦੇ ਹੰਝੂਆਂ ਨਾਲ ਭਿੱਜ ਜਾਂਦੇ ਨੇ। ਉਹ ਤਸਵੀਰ ਬਣ ਕੇ ਮੇਰੇ ਅੰਗ ਸੰਗ ਰਹਿੰਦੀ ਹੈ।ਉਸ ਦੀ ਆਤਮਾ ਨਾਲ ਮੇਰੀ ਅਨਿੱਖੜ ਅਪਣੱਤ ਤੇ ਸਾਂਝ ਹੈ। ਮੈਨੂੰ ਇੰਝ ਲੱਗਦੈ ਕਿ ਉਹ ਵੀ ਆਪਣੀ ਰੂਹ ਦਾ ਆਪਾ ਮੇਰੇ ਸਾਹਵੇਂ ਵਿਛਾਉਣ ਲਈ ਸਦਾ ਤੱਤਪਰ ਰਹਿੰਦੀ ਏ। ਉਸ ਦੀਆਂ ਸੁੰਨੀਆਂ ਅੱਖਾਂ ਦੇ ਅਣਕਹੇ ਬੋਲਾਂ ਨੂੰ ਨਿੱਤ ਕੋਰੇ ਪੰਨਿਆਂ 'ਤੇ ਉਤਾਰਦਾ ਹਾਂ  ਰੱਬ ਕਰੇ ਉਹ ਤਸਵੀਰ ਕਦੇ ਫਿਰ ਤੋਂ ਬੋਲਣ ਲੱਗ ਪਵੇ। 
        ਮੇਰੀ ਨਿਗ੍ਹਾ ਕਮਰੇ ' ਇੱਕ ਵਾਰ ਫੇਰ ਘੁੰਮਦੀ ਮੇਰੇ ਆਪਣੇ ਚੰਦ 'ਤੇ ਰੁਕਦੀ ਹੈ। ਉਸੇ ਤੋਂ ਨੇ ਮੇਰੀਆਂ ਰੌਸ਼ਨ ਰਾਹਵਾਂ ਤੇ ਓਹੀਓ ਹੈ ਮੇਰੀ ਰੂਹ ਦਾ ਪਰਛਾਵਾਂ। ਉਹ ਮੇਰੇ ਨਾਲ ਅਮੁੱਕ ਗੱਲਾਂ ਕਰਦੀ ਹੈ ਤੇ ਮੇਰੀ ਹਰ ਗੱਲ ਦਾ ਭਰਦੀ ਏ ਨਿੱਘਾ ਮੂਕ ਹੁੰਗਾਰਾ। ਚੁੱਪ ਸਮਾਧੀ ' ਬੈਠੀ ਵੀ ਉਹ ਹੁੰਦੀ ਮੇਰੇ ਨਿੱਤ ਰੂਬਰੂ, "ਇੱਕ ਵਾਰ ਜੇ ਮੇਰੀ ਸੁਣ ਉਹ ਲੈਂਦਾ।ਮੈਂ ਅੱਖਾਂ ਨਾਲ ਚੁੰਮਦੀ,ਸਜ਼ਾ ਉਹ ਦੇਂਦਾ।ਦੂਰ ਦੁਮੇਲ ਚਾਂਦੀ ਰੰਗਾ ਚੰਦ ਖੁੱਲ੍ਹੇ ਅੰਬਰ ਨਾਲ ਇੱਕ -ਮਿੱਕ ਹੋਇਆ ਘੂਕ ਸੁੱਤਾ ਪਿਆ ਜਾਪ ਰਿਹਾ ਸੀ ਪਰ ਮੇਰੀ ਬੁੱਕਲ ਦਾ ਚੰਦ ਮੇਰੇ ਸਾਹਵੇਂ ਜ਼ਰਦ ਪੀਲ਼ਾ ਹੁੰਦਾ ਦਿਨੋਂ ਦਿਨ ਮੱਧਮ ਪੈ ਰਿਹਾ ਸੀ। 
ਕਾਲਾ ਪ੍ਰਛਾਵਾਂ 
ਘੱਟ ਘੱਟ ਬਿਨਸੈ 
ਮੱਧਮ ਚੰਦ 

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 468 ਵਾਰ ਪੜ੍ਹੀ ਗਈ ਹੈ। 
  ਲਿੰਕ 1                 

2 comments:

  1. ਅਜੇਹੀ ਚੁੱਪ ਦਾ ਦਰਦ ਤਾਂ ਸੰਸਾਰ ਚ ਬਹੁਤ ਪਿਆਰੀਆਂ ਰੂਹਾਂ ਸਹਿਣ ਕਰ ਰਹੀਆਂ ਹਨ। ਕੋਈ ਚਾਹ ਕੇ ਵੀ ਕੁਛ ਨਹੀਂ ਕਰ ਸਕਦਾ। “ ਜਿਸ ਤਨ ਲੱਗੇ ਸੋਈ ਜਾਣੇ ਕੌਣ ਜਾਣੇ ਪੀੜ ਪਰਾਈ ਰੇ” ਵਾਹਿਗੁਰੂ ਮੇਹਰ ਕਰਣ।

    ReplyDelete
  2. ‘अजला तौं चुप ‘ हाइबन में नायक की पीड़ा को हाइबन का एक एक शब्द व्याँन कर रहा ।कमरे के सन्नाटे को केवल घड़ी की टिक टिक ही तोड़ रही है ।रात के चौथे पहर के शान्तमय समय में ।उसकी साथिन उसके पास होकर भी पास नहीं ।जाने किस बिमारी के कारण उसके होठ बोलना भूल गये है ।नायक साथिन के मुहँ से शब्द सुनने को तरस रहा है ।जब कभी नायिका अपने अचेतन की शक्ति जगा पूछती है आप कौन हैं । साथिन को लगता है कोई नेक फरिश्ता ही उसकी इस तरह रात दिन देख भाल कर रहा है ।नायक की यहाँ पीड़ा दम तोड़ देती है उसे कहना पड़ता है , तेरा पापा ,क्यों कि घर में उसे सब इसी शब्द से बुलाते हैं ।यह हाइबन सच्चे तथ्यों पर ही आधारित लगता हैं । दुनिया में रूहानी प्रेम पुगाने वाले बहुतलोग मिल जायें गे ।जब संसारिक रिश्ते आत्मिक रिश्तों में तब्दील हो जायें तो दोनों का तन एक दूसरे की पीड़ा अपने तन पर हँडाता है ।
    बहुत पीड़ा भरा है यह हाइबन । किसी का सामने हाजिर होकर भी गैर हाजिरी का एहसास कम पीड़ा दायक नहीं ।सामने वाला न कुछ बोल सकताहो न कोई उत्तर दे सकता हो ।चुप समाधि में घिरा हो ।नायक को सारा वातावरण ही चुपसा प्रतीत हो रहा है ।अपने साथी के प्रति नायक अपने तिल तिल कर घटते चाँद की सेवा करके तीर्थ यात्रा का पुन्य प्राप्त करना चाहता है

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ