ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

2 May 2017

ਮਾਂ ਬੋਲੀ ਪੰਜਾਬੀ

ਭੈਣ ਬਨਾਮ ਦੀਦੀ'  ਮਿੰਨੀ ਕਹਾਣੀ ਮਾਂ ਬੋਲੀ ਪੰਜਾਬੀ ਭਾਸ਼ਾ ਦੇ ਸ਼ਬਦ ਭੰਡਾਰ ਨੂੰ ਸੰਭਾਲਣ ਲਈ ਇੱਕ ਇਸ਼ਾਰਾ ਹੈ। ਭਾਸ਼ਾ ਕਿਸੇ ਵੀ ਸਮਾਜ ਦਾ ਅਨਿੱਖੜਵਾਂ ਅੰਗ ਹੁੰਦੀ ਹੈ। ਇਹ ਵੱਖਰੀ ਗੱਲ ਹੈ ਕਿ ਉਸ ਸਮਾਜ ਦੇ ਲੋਕ ਆਪਣੀ ਭਾਸ਼ਾ ਦੀ ਕਿੰਨੀ ਕੁ ਕਦਰ ਕਰਦੇ ਹਨ। ਪੰਜਾਬੀ ਭਾਸ਼ਾ ਹੁਣ ਪੰਜਾਬੀ ਤੋਂ ਹਿੰਦਾਬੀ ਬਣਦੀ ਜਾ ਰਹੀ ਹੈ। ਬੇਲੋੜੇ ਗੈਰ ਪੰਜਾਬੀ ਸ਼ਬਦਾਂ ਨੇ ਇਸ ਦਾ ਮੂੰਹ ਮੁਹਾਂਦਰਾ ਬਦਲ ਦਿੱਤਾ ਹੈ। ਆਪਣੀ ਮਾਂ -ਬੋਲੀ ਦੇ ਸ਼ਬਦਾਂ ਨੂੰ ਰੋਲਣਾ ਪਾਪ ਹੈ। 
ਇੱਥੇ ਮੈਂ  ਇੱਕ ਉਦਾਹਰਣ ਦੇਣਾ ਚਾਹਾਂਗੀ - ਟੋਨੀ ਮੌਰੀਸਨ ਇੱਕ ਅਮਰੀਕੀ ਨਾਵਲਕਾਰ ਤੇ ਸੰਪਾਦਕ ਹੈ ਜਿਸ ਨੂੰ  1993 ਵਿੱਚ ਨੋਬਲ ਸਾਹਿਤ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਪੁਰਸਕਾਰ ਲੈਣ ਸਮੇਂ ਉਸ ਨੇ ਜੋ ਭਾਸ਼ਣ ਦਿੱਤਾ,ਉਹ ਬੋਲੀ ਸੁਹਜ ਤੇ ਕੁਹਜ ਬਾਰੇ ਸੀ। ਭਾਸ਼ਣ ਇੱਕ ਬਾਤ ਨਾਲ਼ ਇਉਂ ਸ਼ੁਰੂ ਹੁੰਦਾ ਹੈ -
"ਇੱਕ ਬੁੱਢੀ ਸੀ ਅੰਨੀ ਪਰ ਅਕਲਮੰਦ। ਕੁਝ ਹੁੱਲੜਬਾਜ਼ ਠਿੱਠ ਕਰਨ ਦੇ ਬਹਾਨੇ ਉਸ ਕੋਲ ਆਏ ਤੇ ਇੱਕ ਪੁੱਛਣ ਲੱਗਾ," ਮੇਰੇ ਹੱਥ 'ਚ ਇੱਕ ਚਿੜੀ ਹੈ, ਦੱਸ ਮਰੀ ਕਿ ਜਿਉਂਦੀ ਆ ?" ਬੁੱਢੀ ਕੁਝ ਨਾ ਬੋਲੀ। ਉਸ ਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ ਸੀ। ਪਰ ਜਿਹੜੀ ਗੱਲ ਉਨ੍ਹਾਂ ਦੇ ਢਿੱਡ 'ਚ ਸੀ ਬੁੱਢੀ ਦੇ ਨਹੁੰਆਂ 'ਚ ਸੀ। ਉਨ੍ਹਾਂ ਫੇਰ ਓਹੀਓ ਸੁਆਲ ਕੀਤਾ। ਬੁੱਢੀ ਦੀ ਚੁੱਪੀ ਲੰਬੀ ਹੁੰਦੀ ਗਈ ਤੇ ਉਹ ਹਿੜ ਹਿੜ ਕਰਨ ਲੱਗੇ। ਹੁਣ ਬੁੱਢੀ ਤੋਂ ਰਿਹਾ ਨਾ ਗਿਆ," ਮੈਂ ਨਹੀਂ ਜਾਣਦੀ, ਤੇਰੇ ਹੱਥ 'ਚ ਫੜੀ ਚਿੜੀ ਮਰੀ ਐ ਕਿ ਜਿਉਂਦੀ ? ਪਰ ਇਹ ਹੈ ਤੇਰੇ ਹੱਥਾਂ 'ਚ। 
         ਮਤਲਬ ਇਹ ਕਿ -ਜੇ ਚਿੜੀ ਮਰੀ  ਹੋਈ ਹੈ ਜਾਂ ਤਾਂ ਤੁਹਾਨੂੰ ਲੱਭੀ ਹੀ ਮਰੀ ਹੋਈ ਸੀ ਜਾਂ ਤੁਸੀਂ ਇਹਨੂੰ ਮਾਰ ਦਿੱਤਾ। ਜੇ ਇਹ ਜਿਉਂਦੀ ਹੈ ਤਾਂ ਤੁਸੀਂ ਹਾਲੇ ਵੀ ਮਾਰ ਸਕਦੇ ਹੋ। ਤੁਸੀਓਂ ਜਾਣੋ ਕਿ ਇਸ ਨੂੰ ਜਿਉਂਦੀ ਰਹਿਣ ਦੇਣਾ ਕਿ ਮਾਰ ਦੇਣਾ। ਇਹ ਤੁਹਾਡੇ ਜ਼ਿਮੇਂ ਹੈ। 
               ਬਾਤ 'ਚ ਚਿੜੀ ਬੋਲੀ ਹੈ ਤੇ ਬੁੱਢੀ ਇੱਕ ਕਾਬਲ ਲਿਖ਼ਾਰੀ। ਉਹ ਫ਼ਿਕਰਮੰਦ ਹੈ ਕਿ ਜਿਸ ਬੋਲੀ 'ਚ ਉਹ ਸੁਪਨੇ ਲੈਂਦੀ ਹੈ, ਜਿਸ ਬੋਲੀ ਦੀ ਗੁੜ੍ਹਤੀ ਮਿਲੀ ਹੈ, ਉਹ ਚਿੜੀ ਵਰਗੀ ਨੰਨ੍ਹੀ ਜਾਨ ਕੁਝ ਹੁੱਲੜਬਾਜ਼ਾਂ ਦੇ ਵੱਸ ਪਈ ਹੋਈ ਹੈ। ਉਸ ਦਾ ਮੰਨਣਾ ਹੈ ਕਿ ਅਣਗਹਿਲੀ, ਦੁਰਵਰਤੋਂ ਜਾਂ ਦੁਰਕਾਰ ਨਾਲ਼ ਜਾਂ ਐਵੇਂ ਸ਼ੁਗਲ ਨਾਲ਼ ਜੇ ਬੋਲੀ ਮਰਦੀ ਹੈ ਤਾਂ ਇਸ ਮੌਤ ਦੇ ਜ਼ਿੰਮੇਵਾਰ ਇਸ ਨੂੰ ਸਿਰਜਣ ਤੇ ਬਿਨਾਸਣ ਵਾਲ਼ੇ ਵੀ  ਹੁੰਦੇ ਹਨ। "
Facebook Link 

ਅਮਰਜੀਤ ਚੰਦਨ ਕਹਿੰਦਾ ਹੈ,"ਪੰਜਾਬੀ ਦਾ ਸਰੂਪ ਮੇਰੇ ਦੇਖਦਿਆਂ-ਦੇਖਦਿਆਂ ਪਿਛਲੇ ਵੀਹਾਂ-ਕੁ ਸਾਲਾਂ ਚ ਏਨਾ ਬਦਲ ਗਿਆ ਹੈ ਕਿ ਇਹ ਹੁਣ ਸਿਆਣੀ ਨਹੀਂ ਜਾਂਦੀ। ਭਗਤ ਕਬੀਰ ਨੇ ਲਿਖਿਆ ਸੀ - ਸੰਸਕ੍ਰਿਤ ਹੈ ਕੂਪਜਲ, ਭਾਸ਼ਾ ਬਹਤਾ ਨੀਰ…। ਮੰਗਤ ਰਾਏ ਭਾਰਦਵਾਜ ਨੇ 1987 ਚ ਮਾਨਚੈਸਟਰ ਯੂਨੀਵਰਸਟੀਓਂ ਪੰਜਾਬੀ ਵਿਆਕਰਣ ਦੀ ਡਾਕਟਰੀ ਕੀਤੀ ਸੀ। ਮੈਂ ਪੰਜਾਬੀ ਦੀ ਹੋ ਰਹੀ ਦੁਰਗਤਿ ਬਾਬਤ ਇਹਦੇ ਨਾਲ਼ ਅਪਣਾ ਦੁੱਖ ਫੋਲ਼ਦਾ ਰਹਿੰਦਾ ਹਾਂ। ਇਹ ਮੇਰੀਆਂ ਗੱਲਾਂ ਨੂੰ ਠੀਕ ਮੰਨਦਾ ਹੈ, ਪਰ ਨਾਲ਼ ਹੀ ਕਹਿੰਦਾ ਹੈ ਕਿ ਬੋਲੀ ਉਹ ਜਿਹਨੂੰ ਲੋਕ ਬੋਲਣ; ਕਿ ਹਰ ਬੋਲੀ ਵੇਲੇ ਨਾਲ਼ ਬਦਲਦੀ ਰਹਿੰਦੀ ਹੈ; ਜੋ ਪੰਜਾਬੀ 12ਵੀਂ ਸਦੀ ਚ ਬਾਬਾ ਫ਼ਰੀਦ ਬੋਲਦੇ ਹੋਣਗੇ, ਉਹ 15ਵੀਂ ਸਦੀ ਚ ਬਾਬਾ ਨਾਨਕ ਨਹੀਂ ਬੋਲਦੇ ਸੀ। ਭਾਰਦਵਾਜ ਅਪਣੇ ਥਾਂ ਸੱਚਾ ਹੈ।ਮੇਰੀ ਬੇਨਤੀ ਇਹ ਹੈ ਕਿ ਸਾਡੇ ਬਾਬਿਆਂ ਦੇ ਵੇਲੇ ਦੁਨੀਆ ਹੁਣ ਜਿੰਨੀ ਛੋਟੀ ਨਹੀਂ ਸੀ। ਓਦੋਂ ਅੱਜ ਵਾਂਙ ਅਖ਼ਬਾਰ, ਕਿਤਾਬਾਂ ਤੇ ਰੇਡੀਓ ਟੀਵੀ ਨਹੀਂ ਸੀ ਹੁੰਦੇ; ਨਾ ਓਦੋਂ ਕਰੋੜਾਂ ਰੁਪਏ ਰੋੜ੍ਹਦੀਆਂ ਯੂਨੀਵਰਸਟੀਆਂ ਹੁੰਦੀਆਂ ਸਨ। ਓਦੋਂ ਪੰਜਾਬੀ ਉੱਤੇ ਅੰਗਰੇਜ਼ੀ ਤੇ ਹਿੰਦੀ ਦੇ ਚਾਰੇ ਪਾਸਿਓਂ ਤਾਬੜਤੋੜ ਹਮਲੇ ਨਹੀਂ ਸੀ ਹੁੰਦੇ। ਮੈਂ ਨਿਤ ਪੰਜਾਬੀ ਨਾਲ਼ੋਂ ਵਧ ਅੰਗਰੇਜ਼ੀ ਪੜ੍ਹਦਾ ਹਾਂ। ਪਰਦੇਸ ਵਿਚ ਤਕਰੀਬਨ ਹਰ ਵੇਲੇ ਅੰਗਰੇਜ਼ੀ ਮੇਰੇ ਕੰਨੀਂ ਪੈਂਦੀ ਹੈ। ਪਰ ਮੇਰੀ ਆਤਮਾ ਪੰਜਾਬੀ ਹੈ - ਸ਼ਰਫ਼ ਵਾਂਙ ਮੈਂ ਸਦਾ ਖ਼ੈਰ ਪੰਜਾਬੀ ਦੀ ਮੰਗਦਾ ਹਾਂ। ਲਿਖਾਰੀ ਅਪਣੀ ਬੋਲੀ ਦਾ ਲੱਜਪਾਲ ਹੁੰਦਾ ਹੈ; ਬੋਲੀ ਨੂੰ ਸਿਰਫ਼ ਲਿਖਾਰੀ ਹੀ ਸੁੱਚੀ ਰਖ ਸਕਦਾ ਹੈ। ਜਿਸ ਬੋਲੀ ਦੀ ਲਾਜ ਉਹਦੇ ਲਿਖਾਰੀ ਹੀ ਰੋਲਣ ਲਗ ਜਾਣ, ਉਹਨੂੰ ਕੋਈ ਰੱਬ ਵੀ ਨਹੀਂ ਬਚਾ ਸਕਦਾ।"
    ਮਾਂ ਬੋਲੀ ਕਿਸੇ ਵੀ ਕੌਮ ਜਾਂ ਸੱਭਿਆਚਾਰ ਦਾ ਸਰਮਾਇਆ ਹੁੰਦੀ ਹੈ। ਪੰਜਾਬੀ ਲੋਕਾਂ ਵਿੱਚ ਕਿਸੇ ਕਾਰਨ ਆਪਣੀ ਬੋਲੀ ਪ੍ਰਤੀ ਹੀਣ ਭਾਵਨਾ ਆਮ ਨਜ਼ਰ ਆਉਂਦੀ ਹੈ। ਪੰਜਾਬੀ ਭਾਸ਼ਾ ਦੀ ਹਿਫ਼ਾਜ਼ਤ ਕਰਨਾ ਹਰ ਪੰਜਾਬੀ ਦਾ ਫਰਜ਼ ਹੈ।  ਜੇ ਅਸੀਂ ਆਪਣੀ ਬੋਲੀ ਆਪਣੇ ਬੱਚਿਆਂ ਨੂੰ ਨਹੀਂ ਸਿਖਾਉਂਦੇ, ਤਾਂ ਸਮਝੋ ਆਪਣੀ ਪਛਾਣ ਅਸੀਂ ਆਪ ਗੁਆ ਲਈ ਹੈ। ਇਤਿਹਾਸ ਗਵਾਹ ਹੈ ਕਿ ਜੇਕਰ ਕਿਸੇ ਕੌਮ ਦੀ ਹੋਂਦ ਨੂੰ ਖ਼ਤਮ ਕਰਨਾ ਹੋਵੇ ਪਹਿਲਾ ਹੱਲਾ ਉਸ ਦੀ ਮਾਂ ਬੋਲੀ 'ਤੇ ਬੋਲਿਆ ਜਾਂਦਾ ਰਿਹਾ ਹੈ।ਮਾਂ ਬੋਲੀ ਦੇ ਅੰਤ ਦਾ ਭਾਵ ਸਬੰਧਿਤ ਲੋਕਾਂ ਦੇ ਸੱਭਿਆਚਾਰ ਦਾ ਅੰਤ ਹੁੰਦਾ ਹੈ ਜੇਕਰ ਸੱਭਿਆਚਾਰ ਦਾ ਅੰਤ ਹੋ ਗਿਆ ਤਾਂ ਕੌਮ ਦੀ ਹੋਂਦ ਬਰਕਰਾਰ ਰਹਿਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਸੋ ਫ਼ੈਸਲਾ ਤੁਸੀਂ ਆਪ ਕਰਨਾ ਹੈ। 

1 comment:

  1. ਭੈਣ ਹੋ ਗਈ ਦੀਦੀ,
    ਤੇ ਲਿਆ ਹੋ ਗਿਆ ਲੀਤਾ,
    ਅਧੁਨਿਕਤਾ ਦੀ ਮਾਰ ਕੇ ਬੁੱਕਲ,
    ਮਾਂ-ਬੋਲੀ ਮੇਰੀ ਹੋ ਗਈ ਫ਼ੀਤਾ-ਫ਼ੀਤਾ|

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ