ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

31 Mar 2017

ਜ਼ਰਦ ਪੱਤਾ

Image result for budgie
ਅਚਾਨਕ ਬਦਲਿਆ ਸੀ ਮੌਸਮ ਦਾ ਮਿਜ਼ਾਜ਼। ਵੱਡੇ ਤੜਕੇ ਹੋਈ ਸੀ ਬੇਮੌਸਮੀ ਭਾਰੀ ਬਰਸਾਤ। ਤੁਫ਼ਾਨੀ ਹਵਾਵਾਂ ਵਗਣ ਤੋਂ ਬਾਦ ਹੁਣ ਚਾਰੇ ਪਾਸੇ ਮਰਨਾਊ ਚੁੱਪੀ ਦਾ ਪਸਾਰਾ ਸੀ। ਉਸ ਦੇ ਵਿਹੜੇ ' ਲੱਗੇ ਫੁੱਲ -ਬੂਟੇ ਤੇਜ਼ ਹਨ੍ਹੇਰੀ ਨਾਲ ਝੰਬੇ ਗਏ ਸਨ।ਕਿਆਰੀਆਂ '  ਇਧਰ ਓਧਰ ਉੱਡਦੇ ਸੁੱਕੇ ਪੀਲੇ ਤੇ ਭੂਰੇ ਪੱਤੇ ਸਹਿਕ ਰਹੇ ਸਨ। ਸਿਸਕਦੀ ਹਵਾ ਦਮ ਤੋੜਦੀ ਜਾਪ ਰਹੀ ਸੀ। ਉਸ ਦੇ ਖ਼ਾਮੋਸ਼ ਵਿਹੜੇ ਨੇ ਇੱਕ ਝੱਖੜ ਝੁੱਲਣ ਵਾਂਗ ਫਿਰ ਹਾਉਕਾ ਲਿਆ। ਉਸ ਦਾ ਕੁੱਤਾ ਘਰ ਦੇ ਬੂਹੇ ਅੱਗੇ ਸਿਰ ਸੁੱਟੀ ਉਦਾਸ ਜਿਹਾ ਬੈਠਾ ਸੀ। ਕਦੇ ਕਦੇ ਘਰ ਅੰਦਰ ਜਾ ਕੇ ਹਰ ਇੱਕ ਖੂੰਜਾ ਸੁੰਘਦਾ ਆਪਣੇ ਮਾਲਕ ਨੂੰ ਲੱਭਣ ਲੱਗਦਾ। ਉਸ ਦਾ ਮਾਲਕ ਵੀ ਜਾ ਰਲਿਆ ਸੀ ਹੁਣ ਆਪਣੀ ਜੀਵਨ ਸਾਥਣ ਦੇ ਨਾਲ ਦੂਰ ਅੰਬਰੀਂ ਇੱਕ ਤਾਰਾ ਬਣ। 
       ਉਸ ਦਾ ਘਰ ਗਲੀ ਦੇ ਮੋੜ 'ਤੇ ਸੀ। ਨਿੱਤ ਆਉਂਦੇ ਜਾਂਦੇ ਰਾਹਗੀਰਾਂ ਨੂੰ ਉਹ ਆਪਣੀ ਪਤਨੀ ਨਾਲ ਬਾਹਰ ਬਰਾਂਡੇ ' ਬੈਠਾ ਕਦੇ ਚਾਹ ਦੀਆਂ ਚੁਸਕੀਆਂ ਭਰਦਾ ਤੇ ਕਦੇ ਅਖ਼ਬਾਰ ਜਾਂ ਰੇਡੀਓ ਨਾਲ ਮਨ ਪ੍ਰਚਾਉਂਦਾ ਨਜ਼ਰ ਆਉਂਦਾ। ਕੋਲ਼ ਹੀ ਉਸ ਦੇ ਘਰ ਦੇ ਬਾਕੀ ਜੀਅ ਵੀ ਹਾਜ਼ਰੀ ਭਰਦੇ ਹੁੰਦੇ। ਜਿਨ੍ਹਾਂ ' ਦੋ ਖ਼ਰਗੋਸ਼ਇੱਕ ਕੁੱਤਾ, ਬਿੱਲੀ ਤੇ ਇੱਕ ਬਜਰੀਗਰ ਸ਼ਾਮਿਲ ਸਨ । ਅੱਜ ਵੀ ਉਹ ਸਾਰੇ ਉੱਥੇ ਹੀ ਬੈਠੇ ਸਨ ਆਪਣੇ ਮਾਲਕ ਦੇ ਨਿੱਘ ਤੋਂ ਸੱਖਣੇ। ਅੱਜ ਉਨ੍ਹਾਂ ਦੀਆਂ ਖ਼ਾਮੋਸ਼ ਸੈਨਤਾਂ ਦਾ ਹੁੰਗਾਰਾ ਭਰਨ ਵਾਲਾ ਕੋਈ ਨਹੀਂ ਸੀ। ਇਓਂ ਲੱਗਦਾ ਸੀ ਜਿਵੇਂ ਉਨ੍ਹਾਂ ਦੇ ਗੂੰਗੇ ਹਾਉਕੇ ਪਪੀਹੇ ਵਾਂਗੂ ਵਰਲਾਪ ਕਰਦੇ ਹੋਣ। ਜਾਨਵਰਾਂ ਦੀ ਆਵਾਜ਼ ਬਣੀ ਇੱਕ ਸੰਸਥਾ ਉਨ੍ਹਾਂ ਸਭਨਾਂ ਨੂੰ ਆਪਣੇ ਨਾਲ ਲੈ ਗਈ ਸਿਵਾਏ ਇੱਕ ਬਜਰੀਗਰ ਦੇ। 
        ਉਸ ਰੰਗੀਨ ਬਜਰੀਗਰ ਨੂੰ ਉਸ ਦੀ ਨਿੱਕੀ ਪੋਤੀ ਨੇ ਕਿਸੇ ਨੂੰ ਹੱਥ ਨਹੀਂ ਸੀ ਲਾਉਣ ਦਿੱਤਾ। ਕਦੇ -ਕਦੇ ਦਾਦੇ ਨੂੰ ਮਿਲਣ ਆਈ ਉਹ ਉਸ ਰੰਗੀਲੇ ਪੰਛੀ ਨਾਲ ਖੇਡਦੀ ਰਹਿੰਦੀ ਜਿਸ ਨੂੰ ਉਹ ਪਿਕਸੀ ਬੁਲਾਉਂਦੀ ਸੀ  ਸ਼ਾਇਦ ਉਸ ਦੀ ਰੰਗੀਨ ਖੂਬਸੂਰਤੀ ਹੀ ਉਸ ਨੂੰ ਵਾਰ ਵਾਰ ਇੱਥੇ ਲੈ ਆਉਂਦੀ ਸੀ। ਨਿੱਕੀ ਹੁਣ ਪਿਕਸੀ ਦੀ ਨਵੀਂ ਮਾਲਕਣ ਸੀ ਤੇ ਉਨ੍ਹਾਂ ਦੀ ਜਾਣ -ਪਛਾਣ ਵੀ ਪੁਰਾਣੀ  ਸੀ। ਉਹ ਆਪਣੇ ਦਾਦੇ ਵਾਂਗਰ ਹੀ ਪਿਕਸੀ ਨੂੰ ਤਲੀ 'ਤੇ ਚੋਗ ਚੁਗਾਉਂਦੀ। ਕਦੇ ਖੇਡਦੀ ਤੇ ਕਦੇ ਉਸ ਲਈ ਗੀਤ ਗਾਉਂਦੀ। ਪਰ ਇਹ ਸਿਲਸਿਲਾ ਕੋਈ ਬਹੁਤਾ ਲੰਮਾ ਨਾ ਚੱਲ ਸਕਿਆ  ਨਾ ਕੋਈ ਰੋਗ ਨਾ ਬਿਮਾਰੀਦੋ ਕੁ ਹਫ਼ਤਿਆਂ ਦੇ ਵਕਫ਼ੇ ਬਾਦ ਉਸ ਰੰਗੀਨ ਪੰਛੀ ਨੇ ਮੌਤ ਨੂੰ ਗਲ ਲਾ ਲਿਆ ਸੀ । ਸ਼ਾਇਦ ਉਸ ਨੂੰ ਲੱਗਾ ਚੰਦਰਾ ਰੋਗ ਨਾ ਕਿਸੇ ਨੂੰ ਨਜ਼ਰ ਆਇਆ ਤੇ ਨਾ ਸਮਝ ਹੀ ਲੱਗਿਆ । 
       ਕੌਣ ਕਹਿੰਦੈ ਕਿ ਪੰਛੀਆਂ ਦੇ ਦਿਲ ਨਹੀਂ ਟੁੱਟਦੇ। ਆਪਣੇ ਮਾਲਕ ਦੇ ਹੱਥਾਂ ਦੀ ਛੋਹ ਤੋਂ ਵਿਰਵੇ ਪੰਛੀ ਦੇ ਜਿਉਣ ਦਾ ਲਰਜ਼ਦਾ ਅਹਿਆਸ ਸ਼ਾਇਦ ਆਪੂੰ ਹੀ ਦਮ ਤੋੜ ਗਿਆ ਸੀ। 

ਸੁੰਨਾ ਵਿਹੜਾ 
ਟਾਹਣੀਓਂ ਟੁੱਟਿਆ 
ਜ਼ਰਦ ਪੱਤਾ। 

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 235 ਵਾਰ ਪੜ੍ਹੀ ਗਈ ਹੈ।

12 comments:

  1. ਜਗਰੂਪ ਕੌਰ31.3.17

    ਪੱਤਿਆਂ ਦਾ ਰੰਗ ਉਮਰ ਨਾਲ ਹੀ ਨਹੀਂ ਬਦਲਦਾ , ਮੌਸਮ ਦੇ ਥਪੇੜੇ ਵੀ ਜ਼ਰਦ ਕਰ ਜਾਂਦੇ ਹਨ । ਅਹਿਸਾਸਾਂ ਨੂੰ ਬਿਆਨ ਕਰਦੀ ਕਹਾਣੀ ਬਹੁਤ ਹੀ ਸੋਹਣੀ ਲਿਖਤ ਹੈ । ਪੰਛੀ ਦਿਲ ਦੀ ਪੀੜ ਬਿਆਨ ਨਹੀਂ ਕਰ ਸਕਦੇ ...ਹੰਢਾ ਹੀ ਸਕਦੇ ਹਨ ।
    ਅੰਦਰ ਤੱਕ ਰੂਹ ਨੂੰ ਟੁੰਬਦੀ ਕਹਾਣੀ ।

    ReplyDelete
    Replies
    1. ਹਾਇਬਨ ਆਪ ਦੇ ਦਿਲ ਨੂੰ ਟੁੰਬ ਗਿਆ ਜਾਣੀ ਮੇਰਾ ਲਿਖਣਾ ਸਫਲ ਹੋਇਆ। ਭੈਣ ਜੀ ਆਪ ਦੇ ਵੱਡਮੁੱਲੇ ਵਿਚਾਰਾਂ ਲਈ ਤਹਿ ਦਿਲੋਂ ਧੰਨਵਾਦ।

      Delete
  2. Wah ji Kya bat...dil nu sakoon milda tuhadiya khani padh ke man kite dunge samundra De vain ch vag janda...waheguru Mehar kre tuhade te

    ReplyDelete
    Replies
    1. Bus ji aida hi vdiya likhde rho aaj De yug ch jdo duniya de modern khiyal modern galla pta nhi kehre pase ja rhe aa ansi jdo ajihia khaniya padhn nu mildiya tan vdiya lgda ke koi tan hai jo uss Kudrat de rang ch rangiya eho jihe khyal mn ch aune subavik hi Kudrat di vadmuli den hai...

      Delete
    2. ਬਹੁਤ ਘੱਟ ਨੇ ਤੇਰੇ ਵਰਗੇ ਜਸਵਿੰਦਰ ਵੀਰੇ, ਜਿਨ੍ਹਾਂ ਨੂੰ ਇਸ ਕੁਦਰਤ ਨਾਲ ਜੁੜੀਆਂ ਗੱਲਾਂ ਚੰਗੀਆਂ ਲੱਗਦੀਆਂ ਨੇ ਤੇ ਹੁੰਗਾਰਾ ਭਰਦੇ ਨੇ। ਬਹੁਤੇ ਤਾਂ ਅਣਦੇਖਿਆ ਤੇ ਅਣਸੁਣਿਆ ਕਰਕੇ ਲੰਘ ਜਾਂਦੇ ਨੇ। ਕੁਦਰਤ ਦੀ ਸੁੰਦਰਤਾ ਨੂੰ ਪਛਾਨਣ ਵਾਲਿਆਂ ਨੂੰ ਹੀ ਅਜਿਹੀਆਂ ਰਚਨਾਵਾਂ ਖਿੱਚ ਲਿਆਉਂਦੀਆਂ ਨੇ ਸਾਡੇ ਵਿਹੜੇ, ਸਾਡੇ ਨਾਲ ਹੁੰਗਾਰਾ ਭਰਨ ਲਈ, ਕੁਦਰਤ ਦੇ ਰੰਗਾਂ ਨੂੰ ਮਾਨਣ ਲਈ। ਵੱਡਮੁਲੇ ਵਿਚਾਰਾਂ ਦੀ ਸਾਂਝ ਪਾਉਣ ਲਈ ਤਹਿ ਦਿਲੋਂ ਸ਼ੁਕਰੀਆ ਵੀਰ।

      Delete
  3. ਮਨ ਕੀ ਕਰੁਣਾ ਜਬ ਕਿਸੀ ਕੇ ਦੁਖ ਦਰਦ ਕੋ ਦੇਖ ਕਰ ਉਬਾਲ ਖਾਤੀ ਹੈ ਏਕ ਮਾਰਮਿਕ ਰਚਨਾ ਕੀ ਸਿਰਜਨਾ ਹੋ ਜਾਤੀ ਹੈ ।ਜੈਸੇ ਏਕ ਪਕਸ਼ੀ ਕੇ ਵਿਰਲਾਪ ਨੇ ਬਾਲਮੀਕੀ ਦਵਾਰਾ ਏਕ ਮਹਾਨ ਗ੍ਰਂਥ ਕੀ ਰਚਨਾ ਕਰਵਾ ਦੀ ।

    ਹਮਾਰਾ ਮਨ ਬੜੀ ਨਾਜੁਕ ਧਾਤੂ ਸੇ ਬਨਾ ਹੈ ।ਮਾਤਮੀ ਮਾਹੌਲ ਸੇ ਜੁੜਾ ਇਸ ਕਹਾਨੀ ਕਾ ਹਰ ਪਾਤਰ ਗਮ ਜੱਦਾ ਹੈ ।ਮਨ ਉਸੇ ਦੇਖ ਕਰ ਪਿਘਲ ਜਾਤਾ ਹੈ ।ਔਰ ਲੇਖਨੀ ਚਲ ਪੜਤੀ ਹੈ ਲੇਕਿਨ ਸਬ ਕੀ ਨਹੀ ਕਿਸੀ ਵਿਰਲੇ ਕੀ ਹੀ ਚਲਤੀ ਹੈ ।

    ਇਸ ਹਾਈਬਨ ਮੇਂ ਬੇਜੁਵਾਨ ਪਰਾਣੀ ਭੀ ਅਪਨੇ ਮਾਲਿਕ ਕੀ ਤਲਾਸ਼ ਮੇ ਇਧਰ ਉਧਰ ਭਟਕ ਰਹਾ ਹੈ ।ਕੈਸੇ ਪੂਛੇ ਕਿਸ ਸੇ ਪੂਛੇ ਹਮਾਰਾ ਪਿਆਰਾ ਕਹੰਾ ਚਲਾ ਗਿਆ । ਕੈਸੀ ਬੇਵਸੀ ਹੈ ਉਸ ਕੀ ।ਕੈਸੇ ਵਹ ਯਹ ਦੁਖ ਸਹਤਾ ਹੋਗਾ ? ਹਮ ਅਨੁਮਾਨ ਹੀ ਨਹੀ ਲਗਾ ਸਕਤੇ ।
    ਭਾਵੋਂ ਕੀ ਪਕੜ ਰਖਨੇ ਵਾਲੀ ਕਲਮ ਉਨ ਕੀ ਜੁਵਾਣ ਸਮਜ ਲੇਤੀ ਹੈ । ਜਿਸਨੇ ਕੁਦਰਤ ਕੇ ਹਰ ਰਂਗ ਸੇ ਨਾਤਾ ਜੋੜ ਰੱਖਾ ਹੈ ।ਉਸਕੇ ਹਰ ਰਂਗ ਕੋ ਅਪਨੇ ਕਾਗਜ ਪਰ ਇਤਨੀ ਖੂਬੀ ਸੇ ਉਤਾਰ ਲੇਤਾ ਹੈ ਵਹ । ਹਮ ਔਚਕ ਸੇ ਵਹ ਰਚਨਾ ਪੜ ਕਰ ਉਸ ਦਰਦ ਮੇਂ ਭੀਗ ਜਾਤੇ ਹੈਂ । ਹਰਦੀਪ ਜੀ ਨੇ ਇਸ ਹਾਈਬਨ ਕੋ ਅਪਨੀ ਕਲਮ ਕੇ ਜਾਦੂ ਸੇ ਔਰ ਮਾਰਮਿਕ ਬਨਾ ਦਿਆ ।ਏਕ ਪਂਛੀ ਕੇ ਮਾਲਿਕ ਕੇ ਗਮ ਮੇ ਪ੍ਰਾਣ ਤਿਆਗੇ ਦਿਖਾ ਕਰ ।

    ਹਰਦੀਪ ਨੇ ਸਹੀ ਕਹਾ ਹਰ ਜੀਵ ਪਿਆਰ ਔਰ ਵਿਛੋੜੇ ਕੇ ਭਾਵ ਕੀ ਸਮਜ ਰਖਤਾ ਹੈ ਬਲਕਿ ਕਹਾ ਜਾਏ ਤੋ ਇਨਸਾਣੋ ਸੇ ਵੜਕਰ । ਵਹ ਉਨ੍ਹੇ ਮਹਸੂਸ ਵੀ ਕਰਤਾ ਹੈ । ਅਸਹਯ ਹੋਨੇ ਪਰ ਪਰਾਣ ਤਿਆਗ ਵੀ ਦੇਤਾ ਹੈ । ਬਹੁਤ ਮਾਰਮਿਕ ਰਚਨਾ ਹੈ ਹਰਦੀਪ ਜੀ ।



    Kamla Ghataaura

    ReplyDelete
    Replies
    1. ਆਪ ਦਾ ਇੱਕ ਇੱਕ ਸ਼ਬਦ ਪੜ੍ਹਦਿਆਂ ਦਿਲ ਨੂੰ ਅਨੋਖਾ ਸਕੂਨ ਦੇ ਗਿਆ। ਆਪ ਨੇ ਜਿਵੇਂ ਮੇਰੇ ਮਨ ਦੀ ਗੱਲਾਂ ਇਸ ਪੰਨੇ 'ਤੇ ਉਕਰ ਦਿੱਤੀਆਂ ਨੇ। ਆਪ ਨੇ ਉਹ ਸਭ ਕੁਝ ਮਹਿਸੂਸ ਕੀਤਾ ਜੋ ਮੈਂ ਕਹਿਣਾ ਚਾਹਿਆ ਹੈ। ਸਭ ਦਾ ਆਪੋ ਆਪਣਾ ਨਜ਼ਰੀਆ ਹੁੰਦੈ ਕਿਸੇ ਲਿਖਤ ਨੂੰ ਕਿਸ ਕੋਨੇ ਤੋਂ ਸਮਝਣਾ ਹੈ। ਕੁਦਰਤ ਦੇ ਹਰ ਰੰਗ ਨਾਲ ਨਾਤਾ ਜੋੜ ਕੇ ਹੀ ਜ਼ਿੰਦਗੀ ਦੇ ਸਭ ਰੰਗਾਂ ਦੀ ਸਮਝ ਆਉਂਦੀ ਹੈ। ਬੱਸ ਇਸੇ ਨੂੰ ਆਪ ਨਾਲ ਸਾਂਝਾ ਕਰਨ ਦੀ ਇਹ ਇੱਕ ਕੋਸ਼ਿਸ਼ ਸੀ। ਆਪ ਜੀ ਦੇ ਨਿੱਘੇ ਹੁੰਗਾਰਿਆਂ ਨਾਲ ਇਹ ਕੋਸ਼ਿਸ਼ ਮੈਂ ਕਿਸੇ ਹੱਦ ਤੱਕ ਸਫ਼ਲ ਹੋਈ ਮੰਨਦੀ ਹਾਂ।

      Delete
  4. I am big fan of your writing. So beautiful as usual🙏

    ReplyDelete
    Replies
    1. ਹਰਕੀਰਤ ਕੌਰ ਚਹਿਲ ਜੀਓ ਆਪ ਜੀ ਦੇ ਨਿੱਘੇ ਮੋਹ ਤੇ ਮਿੱਠੇ ਹੁੰਗਾਰੇ ਲਈ ਕੋਈ ਸ਼ਬਦ ਨਹੀਂ ਹਨ ਮੇਰੇ ਕੋਲ। ਦਿਲ ਦੀਆਂ ਤੈਹਾਂ ਤੋਂ ਸ਼ੁਕਰੀਆ ਜੀਓ।

      Delete
  5. ਜ਼ਰਦ ਪੱਤਾ ਹਾਇਬਨ ਦੀ ਸਿਰਜਣਾ ਕਮਾਲ ਦੀ ਹੈ। ਚੰਗੀ ਰਚਨਾ ਦੇ ਸਾਰੇ ਗੁਣ ਮੌਜੂਦ ਹਨ। ਸ਼ੁਰੂ ਵਿੱਚ ਕੁਦਰਤ ਦਾ ਦ੍ਰਿਸ਼ ਚਿਤਰਨ , ਪੰਛੀਆਂ ਦੇ ਤਰਜ਼ਮਾਨੀ , ਸੋਹਣੀ ਸ਼ਬਦਾਵਲੀ ਚੁਣੇ ਅਲੰਕਾਰ ਇਸ ਰਚਨਾ 'ਚ ਸੋਹਣੇ ਰੰਗ ਭਰਦੇ ਹਨ।

    ReplyDelete
  6. ਮੇਰਾ ਨਿੱਜੀ ਵਿਚਾਰ: ਹਾਇਬਨ 'ਜ਼ਰਦ ਪੱਤਾ'

    ਕੁੱਝ ਸਾਇੰਸਦਾਨਾਂ ਦੇ ਵਿਚਾਰ ਹਨ ਕਿ ਧਰਤੀ ਦੇ ਭੌਤਿਕ ਸਰੀਰ ਵਿੱਚ ਵੀ ਆਤਮਾ ਦਾ ਪ੍ਰਵੇਸ਼ ਹੈ ਅਤੇ ਕਿਸੇ ਖ਼ਾਸ ਕਿਸਮ ਦੇ ਵਿਕਾਸ ਨਾਲ ਇਸ ਅੰਦਰ ਨਿਰੰਤਰ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ, ਜਿਨ੍ਹਾਂ ਕਾਰਨ ਇਨਸਾਨ ਸਭ ਜੀਵ ਜੰਤੂਆਂ ਤੋਂ ਸ੍ਰੇਸ਼ਟ ਹੋ ਗਿਆ ਹੈ। ਇਸ ਦੇ ਹੇਠਲੇ ਦਰਜੇ ਵਿਚ ਜੀਵ ਜੰਨਤੂ, ਬਨਸਪਤੀ ਅਤੇ ਧਰਤੀ ਦੇ ਖਣਿਜ ਆਪਣੇ ਸਰੀਰ ਦੇ ਅੰਦਰ ਆਤਮਿਕ ਜੀਵਨ ਦੇ ਰੂਪ ਵਿਚ ਮਿਲਦੇ ਹਨ।

    ਕਈ ਵਾਰੀ ਇਨਸਾਨਾਂ ਦੇ ਜੀਵਨ ਵਿਚ ਕੁੱਝ ਅਜਿਹਾ ਸਮਾ ਵੀ ਆਉਂਦਾ ਹੈ, ਜਦ ਉਹ ਇਨ੍ਹਾਂ ਪਸ਼ੂ ਪੰਛੀਆਂ ਦੀ ਨੇੜਤਾ ਲੱਭਦਾ ਹੈ; ਉਨ੍ਹਾਂ 'ਚੋਂ ਕਿਸੇ ਜਾਤੀ ਨਾਲ ਸੰਪਰਕ ਪੈਦਾ ਕਰਨਾ ਚਾਹੁੰਦਾ ਹੈ,ਉਨ੍ਹਾਂ ਨੂੰ ਪਾਲਤੂ ਬਣਾ ਕੇ,ਮਿੱਠੀ ਕੈਦ 'ਚ ਰੱਖ ਕੇ,ਬਹੁਤ ਚੰਗੀ ਤਰਾਹ ਦੇਖ ਭਾਲ ਕਰਨਾ ਚਾਹੁੰਦਾ ਹੈ। ਅਤੇ ਜਦ ਕਦੀ ਅਜਿਹਾ ਹੋ ਜਾਂਦਾ ਹੈ ਤਾਂ ਉਨ੍ਹਾਂ ਵਿਚ ਫਿਰ ਇੱਕ ਅਜਿਹੀ ਪਿਆਰ-ਸਾਂਝ ਪੈ ਜਾਂਦੀ ਹੈ ਜਿਸ ਦੇ ਫਲਸਰੂਪ ਉਨ੍ਹਾਂ ਵਿਚਕਾਰ ਪਰਵਾਰਕ ਪੱਕਾ ਗੂੜ੍ਹਾ ਰਿਸ਼ਤਾ ਕਾਇਮ ਹੋ ਜਾਂਦਾ ਹੈ। ਉਹ ਆਪਣਾ ਪਿਆਰ,ਸਮਰਪਣ,ਵਫ਼ਾਦਾਰੀ ਅਤੇ ਜ਼ਿੰਮੇਵਾਰੀ ਆਦਿ ਸਾਰੇ ਗੁਣ ਇੱਕ ਦੂਜੇ ਨਾਲ ਸਾਂਝੇ ਕਰ ਲੈਂਦੇ ਹਨ। ਉਨ੍ਹਾਂ ਦਾ ਵਿਅਕਤੀਗਤ ਇੱਕ ਹੋ ਜਾਂਦਾ ਹੈ,ਆਤਮਾਵਾਂ ਦੀ ਅਨਿੱਖੜ ਸਾਂਝ ਪੈ ਜਾਂਦੀ ਹੈ ਅਤੇ ਦੁੱਖ ਸੁੱਖ ਵੇਲੇ ਇੱਕ ਦੂਜੇ ਦੇ ਨਿਰਭਰ ਹੋ ਜਾਂਦੇ ਹਨ। ਉਨ੍ਹਾਂ ਦਾ ਇਹ ਰਿਸ਼ਤਾ ਆਪਸੀ ਪਿਆਰ ਵਿਹਾਰ ਵਿਚ ਵਿਕਾਸ ਕਰਦਾ ਹੋਇਆ ਕਈ ਵਾਰੀਂ ਜਨੂਨ ਦੀ ਸ਼ਕਲ ਤਕ ਇਖ਼ਤਿਆਰ ਕਰ ਲੈਂਦਾ ਹੈ।

    ਪਸ਼ੂ ਪੰਛੀਆਂ ਵਿਚ ਅਗਮ ਨਿਗਮ ਦੀ ਸੋਝੀ (ਗੈਬੀ ਤਾਕਤ) ਬਹੁਤ ਹੁੰਦੀ ਹੈ,ਜਿਸ ਕਾਰਨ ਉਹ ਮਨੁੱਖੀ ਆਤਮਾ ਦੇ ਨਾਲ ਇੱਕ ਸੁਰ ਹੋ ਕੇ ਗੱਲਬਾਤ ਤੇ ਵਿਚਾਰ ਸੰਚਾਰ ਕਰ ਲੈਂਦੇ ਹਨ। ਇੱਕ ਦੂਜੇ ਦੀ ਕਿਰਿਆ ਅਤੇ ਪ੍ਰਤੀਕ੍ਰਿਆ ਨੂੰ ਅੱਛੀ ਤਰ੍ਹਾਂ ਸਮਝ ਜਾਂਦੇ ਹਨ।

    ਡਾ. ਹਰਦੀਪ ਕੌਰ ਸੰਧੂ ਦੀ ਹਾਇਬਨ'ਜ਼ਰਦ ਪੱਤਾ' ਵੀ ਇਸੇ ਥੀਮ ਧੁਰੇ ਦੇ ਇਰਦ ਗਿਰਦ ਗੁੰਮਦੀ,ਪਾਠਕਾਂ ਨੂੰ ਵਾਸਤਵਿਕਤਾ ਦੀ ਦੁਨੀਆ ਦੀ ਝਾਤ ਪਵਾਉਂਦੀ ਹੈ। ਸ਼ੁਰੂ ਵਿਚ ਉਹ ਬਦਲੇ ਮੌਸਮ ਦੇ ਮਿਜ਼ਾਜ,ਤੁਫ਼ਾਨੀ ਹਵਾਵਾਂ ਦੇ ਵਗਣ ਤੋਂ ਪਿੱਛੋਂ ਵਿਹੜੇ 'ਚ ਲੱਗੇ ਫੁੱਲ-ਬੂਟਿਆਂ ਦੇ ਚਾਰੇ ਪਾਸੇ ਮਰਨਾਊ ਚੁੱਪੀ ਦੇ ਪਸਾਰਾ ਬਿਆਨ ਕਰਦੀ ਹੈ ਅਤੇ ਫਿਰ ਸਿਰ ਸੁੱਟੀ ਉਦਾਸ ਬੈਠੇ ਕੁੱਤੇ ਦਾ ਕਿਸੇ ਵੱਡੀ ਘਟਨਾ (ਘਰ ਦੇ ਮਾਲਕ ਦੀ ਮੌਤ) ਦੀ ਪੇਸ਼ਕਾਰੀ ਕਰਦੀ ਹੋਈ ਇਹ ਦੱਸਦੀ ਹੈ ਕਿ ਇਸ ਸੋਗਮਈ ਮਾਹੌਲ 'ਚ ਕੁੱਝ ਹੋਰ ਪਾਲਤੂ ਪਸ਼ੂ ਪੰਛੀ, ਜਿਨ੍ਹਾਂ 'ਚ ਦੋ ਖ਼ਰਗੋਸ਼,ਬਿੱਲੀ ਤੇ ਇੱਕ ਬਜਰੀ ਗਰ ਸ਼ਾਮਿਲ ਹਨ ,ਆਪਣੇ ਮਾਲਕ ਦੇ ਨਿੱਘ ਤੋਂ ਸੱਖਣੇ ਹੋ ਗਏ ਹਨ ਅਤੇ ਅੰਤ ਇੱਕ ਜਾਨਵਰ ਸੰਸਥਾ,ਕੁੱਤੇ,ਬਿੱਲੀ ਤੇ ਖ਼ਰਗੋਸ਼ਾਂ ਨੂੰ ਲੈ ਗਈ ਹੈ। ਰੰਗੀਨ ਬਜਰੀਗਰ ਨੂੰ ਉਸ ਦੀ ਨਿੱਕੀ ਪੋਤੀ ਨੇ ਆਪਣੇ ਕੋਲ ਰੱਖ ਲਿਆ ਹੈ,ਜੋ ਉਸ ਨੂੰ ਦਾਦੇ ਦੇ ਸਮੇਂ ਪਹਿਲਾਂ ਵੀ ਕਦੇ ਕਦੇ ਚੋਗ ਚੁਗਾਉਂਦੀ ਰਹਿੰਦੀ ਹੁੰਦੀ ਸੀ।

    ਇਹ ਸਾਰੀ ਸਿਰਜੀ ਨਕਸ਼ਾ ਬੰਦੀ ਦੱਸਦੀ ਹੈ ਕਿ ਪਾਲਤੂ ਪਸ਼ੂ ਪੰਛੀਆਂ ਅਤੇ ਇਨਸਾਨ ਵਿਚਕਾਰ, ਮੋਹ ਦੀਆਂ ਤੰਦਾਂ ਇੱਕ ਦੂਜੇ ਦੀਆ ਰੂਹਾਂ ਵਿਚ ਕਿਸ ਹੱਦ ਤਕ ਪਰਵਾਨ ਚੜ੍ਹ ਸਕਦੀਆਂ ਹਨ ਅਤੇ ਇੱਕ ਦੂਜੇ ਦੇ ਦੁੱਖ ਸੁੱਖ ਵੇਲੇ ਕਿਵੇਂ ਵਫ਼ਾਦਾਰੀ ਤੇ ਭਾਈਵਾਲੀ ਨਿਭਾਉਂਦੇ ਹਨ।

    ਇਸ ਹਾਇਬਨ 'ਚ ਲੇਖਕਾ ਨੇ ਸਪਾਟ ਤੇ ਸਿੱਧੀ ਪੱਧਰੀ ਬਿਰਤਾਂਤਿਕ ਕਹਾਣੀ ਬਿਆਨ ਨਹੀਂ ਕੀਤੀ,ਸਗੋਂ ਮਨੋਵਿਗਿਆਨਕ ਯਥਾਰਥ ਦੀਆ ਕਈ ਪਰਤਾਂ ਨੂੰ ਉਜਾਗਰ ਕੀਤਾ ਹੈ। ਰੰਗੀਨ ਬਜਰੀਗਰ ਨੂੰ ਭਾਵੇਂ ਦਾਦੇ ਦੀ ਪੋਤੀ ਨੇ ਦਿਲੋਂ ਪਿਆਰ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਨਿਸਫਲ ਰਹੀ ਕਿਉਂਕਿ ਇਹ ਪੰਛੀ ਵਿਛੋੜੇ ਦੀ ਦੂਹਰੀ ਸੱਟ ਝੱਲ ਨਾ ਸਕਿਆ-ਆਪਣੇ ਮਾਲਕ ਦੀ ਪਿਆਰ ਛੋਹ ਅਤੇ ਸਾਥੀਆਂ ਦਾ ਵਿਛੋੜਾ।

    ਲੇਖਕਾ ਇਸ ਸਚਾਈ ਨੂੰ ਭਲੀਭਾਂਤ ਜਾਣਦੀ ਹੈ,ਤਾਂਹੀਓਂ ਉਹ ਕਹਿ ਉੱਠਦੀ ਹੈ,' ਕੌਣ ਕਹਿੰਦੇ ਕਿ ਪੰਛੀਆਂ ਦੇ ਦਿਲ ਨਹੀਂ ਟੁੱਟਦੇ। ਆਪਣੇ ਮਾਲਕ ਦੇ ਹੱਥਾਂ ਦੀ ਛੋਹ ਤੋਂ ਵਿਰਵੇ ਪੰਛੀ ਦੇ ਜਿਊਣ ਦਾ ਲਰਜ਼ਦਾ ਅਹਿਆਸ ਸ਼ਾਇਦ ਆਪੂੰ ਹੀ ਦਮ ਤੋੜ ਗਿਆ ਸੀ।'

    ਉਸ ਦੇ ਇਸ ਸਵਾਲ ਨਾਲ ਪੂਰੀ ਸਹਿਮਤੀ ਜਤਾਉਂਦੇ ਹੋਏ ਮੈਂ ਤਾਂ ਇਹ ਸੋਚਦਾ ਹਾਂ ਕਿ ਕੀ ਅੱਡ ਅੱਡ ਸ਼੍ਰੇਣੀਆਂ ਅਤੇ ਭੋੱਤਕ ਸ਼ਕਲਾਂ ਦੇ ਬਾਵਜੂਦ,ਤੀਬਰ ਭਾਵਨਾਵਾਂ ਦੀ ਅਬੋਲ ਬੋਲੀ ਰਾਹੀ ਆਤਮਾ ਦਾ ਰੂਹਾਨੀ ਵਿਕਾਸ ਸੰਭਵ ਹੋ ਸਕਦਾ?

    ਲੇਖਕਾ ਨੇ ਇਸ ਹਾਇਬਨ ਵਿਚ ਨਾ ਕੇਵਲ ਜੀਵ ਸੰਸਾਰ ਦਾ ਹੀ ਜ਼ਿਕਰ ਕੀਤਾ ਹੈ,ਸਗੋਂ ਸੁਹਜ-ਸੰਵੇਦਨਾ ਦਾ ਆਸਰਾ ਲੈ ਕੇ ਬਨਸਪਤੀ ਸੰਸਾਰ ਬਾਰੇ ਕਮਾਲ ਦਾ ਵਿਸਥਾਰ ਪੂਰਵਕ ਵਰਣਨ ਕੀਤਾ ਹੈ-ਜਿਸ ਦਾ ਕਾਵਿਮਈ ਰੂਪ ਸ਼ੁਰੂ ਦੇ ਪਹਿਲੇ ਪੈਰੇ ਵਿਚ ਝਲਕਦਾ ਹੈ ਅਤੇ ਇਸ ਦਾ ਸਿਖਰ ਅੰਤਲੇ ਰੂਪ ਵਿਚ- 'ਸੁੰਨਾ ਵਿਹੜਾ/ ਟਾਹਣੀਓਂ ਟੁੱਟਿਆ /ਜ਼ਰਦ ਪੱਤਾ।'

    ਇਸ ਸੁੰਦਰ ਕਿਰਤ ਵਿਚ ਪ੍ਰਤੀਕਾਤਮਿਕ ਅਤੇ ਸੁੱਕਰਮਨ ਸ਼ਬਦਾਂ ਦੀ ਬਣਤਰ ਤੇ ਬੁਣਤੀ ਬਹੁਤ ਸੁਚੱਜਤਾ ਤੇ ਸਫਲਤਾਪੂਰਨ ਨਿਭਾਈ ਹੈ।

    ਮੈਂ ਡਾ. ਹਰਦੀਪ ਕੌਰ ਸੰਧੂ ਨੂੰ ਇਸ ਰਚਨਾ ਤੇ ਦਿਲੋਂ ਵਧਾਈ ਭੇਜਦਾ ਹਾਂ। ਕਬੂਲ ਹੋਵੇ ਜੀ।
    -0-
    ਸੁਰਜੀਤ ਸਿੰਘ ਭੁੱਲਰ-01-04-2017

    ReplyDelete
    Replies
    1. ਹਾਇਬਨ 'ਜ਼ਰਦ ਪੱਤਾ' 'ਤੇ ਆਪਣੇ ਵਿਚਾਰ ਲਿਖਦਿਆਂ ਭੁੱਲਰ ਜੀ ਨੇ ਕਮਾਲ ਦੀ ਸ਼ੈਲੀ ਤੇ ਸ਼ਬਦ ਚੋਣ ਕਰਦਿਆਂ ਆਪਣੇ ਵਧੀਆ ਸਾਹਿਤਕਾਰ ਹੋਣ ਦਾ ਸਬੂਤ ਦਿੱਤਾ ਹੈ। ਜਿਸ ਤਰਾਂ ਉਹਨਾਂ ਹਾਇਬਨ ਦੀ ਖੋਲ੍ਹ ਕੇ ਵਿਆਖਿਆ ਕੀਤੀ ਹੈ ਇਸ ਤਰਾਂ ਲੱਗਦਾ ਹੈ ਜਿਵੇਂ ਲਿਖਣ ਵੇਲੇ ਉਹ ਮੇਰੇ ਹਾਇਬਨ ਦੇ ਪਾਤਰਾਂ ਦੇ ਅੰਗ ਸੰਗ ਵਿਚਰ ਰਹੇ ਹੋਣ। ਕਿਤੇ ਸਾਇੰਸ ਦੀਆਂ ਖੋਜਾਂ ਦੇ ਅਧਾਰ 'ਤੇ ਆਪਣੇ ਵਿਚਾਰਾਂ ਦੀ ਪੁਸ਼ਟੀ ਕੀਤੀ ਤੇ ਕਿਤੇ ਪਸ਼ੂ -ਪੰਛੀਆਂ ਦੀ ਨੇੜਤਾ ਨੂੰ ਇਨਸਾਨੀ ਭਾਵਨਾਵਾਂ ਨਾਲ ਜੋੜ ਬਹੁਤ ਹੀ ਸੁਚੱਜੇ ਢੰਗ ਨਾਲ ਹਾਇਬਨ ਦਾ ਹਰ ਪੱਖ ਬਿਆਨ ਕੀਤਾ ਹੈ। ਆਪ ਨੇ ਸਹੀ ਕਿਹਾ ਹੈ ਕਿ "ਪਸ਼ੂ ਪੰਛੀਆਂ ਵਿਚ ਅਗਮ ਨਿਗਮ ਦੀ ਸੋਝੀ (ਗੈਬੀ ਤਾਕਤ) ਬਹੁਤ ਹੁੰਦੀ ਹੈ,ਜਿਸ ਕਾਰਨ ਉਹ ਮਨੁੱਖੀ ਆਤਮਾ ਦੇ ਨਾਲ ਇੱਕ ਸੁਰ ਹੋ ਕੇ ਗੱਲਬਾਤ ਤੇ ਵਿਚਾਰ ਸੰਚਾਰ ਕਰ ਲੈਂਦੇ ਹਨ। ਇੱਕ ਦੂਜੇ ਦੀ ਕਿਰਿਆ ਅਤੇ ਪ੍ਰਤੀਕ੍ਰਿਆ ਨੂੰ ਅੱਛੀ ਤਰ੍ਹਾਂ ਸਮਝ ਜਾਂਦੇ ਹਨ।"
      ਭੁੱਲਰ ਜੀ ਨੂੰ ਮੇਰੀ ਮਨੋਵਿਗਿਆਨਿਕ ਢੰਗ ਨਾਲ ਪੇਸ਼ ਕੀਤੀ ਹਾਇਬਨ ਦੀ ਸ਼ੈਲੀ ਨੇ ਪ੍ਰਭਾਵਿਤ ਕੀਤਾ ਹੈ। ਮੈਨੂੰ ਬੜੀ ਖੁਸ਼ੀ ਹੈ ਕਿ ਆਪ ਵਰਗੇ ਵਧੀਆ ਸਾਹਿਤਕਾਰ ਨੇ ਮੇਰੀ ਲਿਖਤ ਨੂੰ ਸਲਾਹੁੰਦਿਆਂ ਬੜਾ ਵਧੀਆ ਸੁਆਲ ਸਾਡੇ ਸਾਹਮਣੇ ਰੱਖਿਆ ਹੈ ਕਿ। ..........
      ਕੀ ਅੱਡ ਅੱਡ ਸ਼੍ਰੇਣੀਆਂ ਅਤੇ ਭੋੱਤਕ ਸ਼ਕਲਾਂ ਦੇ ਬਾਵਜੂਦ,ਤੀਬਰ ਭਾਵਨਾਵਾਂ ਦੀ ਅਬੋਲ ਬੋਲੀ ਰਾਹੀ ਆਤਮਾ ਦਾ ਰੂਹਾਨੀ ਵਿਕਾਸ ਸੰਭਵ ਹੋ ਸਕਦਾ?
      ਮੇਰੇ ਵਿਚਾਰ ਅਨੁਸਾਰ ਇਹ ਰੂਹਾਨੀ ਸਬੰਧ ਹੀ ਤਾਂ ਹੁੰਦੈ ਜਦੋਂ ਕੋਈ ਪਸ਼ੂ/ਪੰਛੀ ਇਨਸਾਨ ਦਾ ਵਿਛੋੜਾ ਸਹਿ ਨਹੀਂ ਸਕਦਾ। ਇਸ ਹਾਇਬਨ ਵਿਚਲਾ ਪੰਛੀ ਕੋਈ ਕਲਪਨਾ ਨਹੀਂ ਹੈ ਸਗੋਂ ਇੱਕ ਸੱਚੀ ਖ਼ਬਰ ਹੈ। ਅਜਿਹੀਆਂ ਹੋਰ ਬਹੁਤ ਉਦਾਹਰਣਾਂ ਸਾਨੂੰ ਮਿਲ ਜਾਣਗੀਆਂ।
      ਭੁੱਲਰ ਜੀ ਦੇ ਵੱਡਮੁੱਲੇ ਵਿਚਾਰਾਂ ਦੀ ਸਾਂਝ ਦੀ ਮੈਂ ਕਦਰ ਕਰਦੀ ਹਾਂ। ਆਸ ਕਰਦੀ ਹਾਂ ਕਿ ਉਹ ਇਸੇ ਤਰਾਂ ਹੀ ਸਾਡੇ ਨਾਲ ਸਾਂਝ ਬਣਾਈ ਰੱਖਣਗੇ।

      Delete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ