ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

7 Feb 2017

ਸਫਰ

ਰਾਜਸਥਾਨ ਰਾਜਿਆਂ ਦੀ ਧਰਤੀ। ਇਸ ਧਰਤੀ ਲਈ ਮੇਰੇ ਦਿਲ ‘ਚ ਮੋਹ ਤੇ ਸਤਿਕਾਰ ਏ ਇਸ ਲਈ ਨਹੀਂ ਕਿ ਇਹ ਧਰਤ ਕਦੇ ਰਾਜਿਆਂ ਦਾ ਸਥਾਨ ਸੀ ਸਗੋਂ ਇਸ ਲਈ ਕਿ ਇੱਥੋਂ ਦੇ ਲੋਕ ਬਹੁਤ ਸਹਿਜ ਤੁਰਦੇ ਨੇ। ਜਿੰਦਗੀ ਜਿਵੇਂ ਮਟਕ ਮਟਕ ਤੁਰਦੀ ਹੋਵੇ ਇਹਨਾਂ ਨਾਲ । 
ਮੈਂ ਇਹਨਾਂ ਟਿੱਬਿਆਂ ਕਰੀਰਾਂ ਨੂੰ ਮਿਲ ਖੁਸ਼ੀ ਨਾਲ ਭਰ ਜਾਂਦਾ, ਵਿਸਮਾਦ ਨਾਲ ਭਰ ਜਾਂਦਾ । ਰੇਤੀਲੇ ਰਾਵਾਂ ‘ਤੇ ਉੱਗੇ ਵਣ, ਕਰੀਰ, ਝਾੜੀਆਂ ਜਿਵੇਂ ਜੀ ਆਇਆ ਨੂੰ ਆਖਦੇ ਹੋਣ। ਟਿੱਬਿਆਂ ਦੇ ਵਿਚਕਾਰ ਇੱਕ ਦੂਜੀਆਂ ਤੋਂ ਦੂਰ ਦੂਰ ਕੱਲਮ-ਕੱਲੀਆਂ ਢਾਣੀਆਂ (ਘਰਾਂ) ਨੂੰ ਵੇਖ ਹੈਰਾਨ ਹੁੰਦਾ ਆਪਣੇ ਆਪ ਨੂੰ ਆਖਦਾ,"ਕਿਹੋ ਜਿਹੇ ਲੋਕ ਨੇ,ਨਾ ਰੱਬ ਨਾਲ ਤੇ ਨਾ ਹੀ ਕੁਦਰਤ ਨਾਲ ਕੋਈ ਸ਼ਿਕਵਾ ।” 

ਸਰ੍ਹੋਂ ਦੇ ਖੇਤ ਸੱਜ ਸਵਰ ਗਏ ਨੇ।  'ਕੱਲੇ 'ਕੱਲੇ ਸਰ੍ਹੋਂ ਦੇ ਬੂਟੇ ਨੇ ਮੱਥੇ ਫੁੱਲ ਸਜਾ ਲਏ ਨੇ । ਰੇਤ ‘ਚ ਦੱਬੇ ਛੋਲਿਆਂ ਦੇ ਬੀਆਂ ਨੇ ਵੀ ਹਰੇ ਭਰੇ ਬੂਟਿਆਂ ਦਾ ਰੂਪ ਧਾਰ ਸਿਰ ‘ਤੇ ਫੁੱਲਾਂ ਦਾ ਤਾਜ ਸਜਾ ਲਿਆ। ਬੱਸ ਇੱਕ ਮੀਂਹ ਤੇ ਫੇਰ ਅਨੰਦ ਹੀ ਅਨੰਦ , ਸਿਖਰਲਾ ਅਨੰਦ । ਕਿਰਸਾਣ ਦੀ ਮਿਹਨਤ ਤੇ ਸਬਰ ਨੂੰ ਮੇਰਾ ਸਜਦਾ। 

ਆਪਣੇ ਘਰ ਸੁੱਖਾਂ ਦੀ ਕੁੱਲੀ ਵੱਲ ਵਾਪਸ ਪਰਤ ਰਿਹਾ ਰੇਲ ਗੱਡੀ ‘ਚ। ਪਰ ਅਜੇ ਵੀ ਰੇਤ ਦੇ ਟਿੱਬੇ, ਕਰੀਰ, ਝਾੜੀਆਂ ਜਿਵੇਂ ਮੇਰੇ ਨਾਲ ਨਾਲ ਤੁਰ ਰਹੇ ਹੋਣ। ਗੱਡੀ ਦੇ ਨਾਲ ਨਾਲ ਭੱਜ ਰਹੇ ਹੋਣ। ਰੇਲ ਗੱਡੀ ਤੋਂ ਬਾਹਰ ਵੇਖ ਮੈਂ ਤਾਂ ਇੰਝ ਹੀ ਮਹਿਸੂਸ ਕਰ ਰਿਹਾ ਸੀ । ਮੇਰੇ ਆਪਣੇ ਦਿਲੋਂ ਮੇਰੇ ਆਪਣੇ ਆਪ ਲਈ ਇਹੀ ਅਸੀਸ, ‘ ਪੈਰਾਂ ਨੂੰ ਨਵੇਂ ਨਵੇਂ ਸਫਰ ਮੁਬਾਰਕ ਹੋਣ।"

ਰੇਤ ਦੇ ਟਿੱਬੇ 
ਅੱਕ ਕਰੀਰ ਵਣ 
ਤੁਰਨ ਨਾਲ ! 

       
  ਬਾਜਵਾ ਸੁਖਵਿੰਦਰ
  ਪਿੰਡ- ਮਹਿਮਦ ਪੁਰ 
 ਪਟਿਆਲਾ 

ਨੋਟ : ਇਹ ਪੋਸਟ ਹੁਣ ਤੱਕ 155 ਵਾਰ ਪੜ੍ਹੀ ਗਈ ਹੈ।

2 comments:

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ