ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

19 Nov 2016

ਕੁਦਰਤ ਦੇ ਰੰਗ

 ਮੀਂਹ ਪਿਆ ਵਰਸਦਾ 
ਬਦਲ ਪਏ ਗਰਜ਼ਦੇ 
ਦਲਾਨ ਦੀਆਂ ਸ਼ਤੀਰੀਆਂ ਵਿੱਚ 
ਚਿੜੀਆਂ ਦੇ ਆਲ੍ਹਣੇ 
ਤੇ ਆਲ੍ਹਣਿਆਂ 'ਚ ਬੋਟ 
ਚੀਂ ਚੀਂ  ਪਏ ਕਰਦੇ 
ਹੇਠਾਂ ਖੜ੍ਹਾ ਵੱਛੜਾ 
ਬਿਟ ਬਿਟ ਤੱਕੇ ਉਪਰ ਨੂੰ 
ਸੁਣਦਾ ਕੰਨ  ਚੁੱਕ 
ਚਿੜੀਆਂ ਦੀ ਚਹਿਚਹਾਟ 
ਗਰਮੀ ਦੀ ਮਾਰੀ 
ਗਾਂ ਨੂੰ ਮਸਾਂ 
ਠੰਡਕ ਪਹੁੰਚੀ 
ਉਹ ਵੱਛੜੇ ਦੀ ਪਿੱਠ 'ਤੇ 
ਜੀਭਾਂ ਪਈ ਫੇਰੇ 
ਪਤਾ ਨਹੀਂ ਕਦੋਂ ਕਲੀਆਂ ਨੇ 
ਹੱਥ ਖੋਲ ਦਿੱਤੇ 
ਬੂੰਦਾਂ ਫੜ੍ਹਨ ਨੂੰ 
ਮੀਂਹ ਪਿਆ ਵਰ੍ਹਦਾ 
ਮੈਂ ਦਲਾਨ ਦੀ ਗੁੱਠੇ 
ਮੰਜੀ ਡਾਹੀ 
ਆਪਣੀ ਕਵਿਤਾ ਲਿਖਦੀ 
ਸ਼ਬਦ ਘੜਦੀ 
ਪਰ ਇਸ ਪ੍ਰਕਿਰਤੀ ਅੱਗੇ 
ਸ਼ਬਦ ਹੋਏ ਬੇਮਾਅਨੇ 
ਛੱਡ ਦੇ ਕਲਮ 
ਮਾਣ ਕੁਦਰਤ ਦੇ ਰੰਗਾਂ ਨੂੰ। 

ਪ੍ਰੋ ਦਵਿੰਦਰ ਕੌਰ ਸਿੱਧੂ 
ਦੌਧਰ -ਮੋਗਾ 

ਪੁਸਤਕ 'ਬੇਰਹਿਮ ਪਲਾਂ ਦੀ ਦਾਸਤਾਨ' (2004) 'ਚੋਂ ਧੰਨਵਾਦ ਸਾਹਿਤ 
ਨੋਟ : ਇਹ ਪੋਸਟ ਹੁਣ ਤੱਕ 53 ਵਾਰ ਪੜ੍ਹੀ ਗਈ ਹੈ।

4 comments:

  1. ਕੁਦਰਤ ਦੇ ਰੰਗਾਂ ਨੂੰ ਮਾਣਦਿਆਂ ਕਵਿਤਰੀ ਸਾਨੂੰ ਵੀ ਉਂਗਲ ਲਾ ਨਾਲ ਲਾਇ ਤੁਰੀ। ਦਲਾਨ ਦੀਆਂ ਸ਼ਤੀਰੀਆਂ 'ਚ ਪਾਏ ਆਲ੍ਹਣਿਆਂ 'ਚ ਚੀਂ ਚੀਂ ਕਰਦੇ ਬੋਟਾਂ ਦੀ ਚੀਂ ਚੀਂ ਸੁਣਾਈ ਦੇਣ ਲੱਗੀ। ਫੁੱਲਾਂ ਦੀਆਂ ਮੀਂਹ ਭਿੱਜੀਆਂ ਕਲੀਆਂ, ਗਾਂ ਤੇ ਵੱਛੜਾ ਮਲਕੜੇ ਜਿਹੇ ਕੋਲ ਆ ਖਲੋਤੇ। ਸੁੰਦਰ ਸ਼ਬਦਾਂ ਦੇ ਤਾਣੇ ਬਾਣੇ 'ਚ ਮੈਂ ਆਪਣੇ ਪਿੰਡ ਅੱਪੜ ਗਈ। ਇਹੋ ਤਾਂ ਕਮਾਲ ਹੈ। ਸਾਂਝ ਪਾਉਣ ਲਈ ਸ਼ੁਕਰੀਆ ਜੀਓ।

    ReplyDelete
  2. ਮੇਰਾ ਨਿੱਜੀ ਅਨੁਭਵ- 'ਕੁਦਰਤ ਦੇ ਰੰਗ' ਬਾਰੇ

    ਕਵਿਤਾ ਨੂੰ ਪੜ੍ਹਦਿਆਂ ਚੇਤਿਆਂ ਦੀ ਪਟਾਰੀ ਚੋਂ ਬਹੁਤ ਕੁੱਝ ਆਪਣੇ ਆਪ ਹੀ ਅੱਖਾਂ ਮੂਹਰੇ ਸਨਮੁੱਖ ਹੋ ਗਿਆ। ਕਵਿੱਤਰੀ ਨੇ ਇਸ ਕਵਿਤਾ ਵਿਚ 'ਮੀਂਹ ਪਿਆ ਵਰਸਦਾ’ ਤੋਂ ਆਪਣੀ 'ਕਾਵਿ ਯਾਤਰਾ' ਕੁੱਝ ਅਜਿਹੀ ਸਹਿਜਤਾ ਨਾਲ ਸੂਰ ਕੀਤੀ ਕਿ ਲੱਗਿਆ ਜਿਵੇਂ ਕਲਪਨਾ ਦੀ ਰੂਪਕ ਤਸਵੀਰ ਵਿਚ ਯਥਾਰਥ ਦਾ ਰੰਗ ਆਪਣੇ ਆਪ ਚੜ੍ਹਦਾ ਤੇ ਗੂੜ੍ਹਾ ਹੁੰਦਾ ਜਾਂਦਾ ਹੋਵੇ।ਲੇਖਕਾ ਨੇ ਆਪਣੇ ਆਲੇ ਦੁਆਲੇ ਨੂੰ ਅਤਿ ਸੁੰਦਰਤਾ ਨਾਲ ਬਿਆਨਿਆਂ ਹੈ, ਜੋ ਉਸ ਸਮੇਂ ਦੀ ਸਾਡੀ ਸਭਿਅਤਾ ਬਾਰੇ ਬਹੁਤ ਕੁੱਝ ਬਿਆਨ ਕਰਦਾ ਹੈ- ਖੁੱਲ੍ਹੇ ਘਰਾਂ ਵਿਚ ਸ਼ਤੀਰੀਆਂ ਤੇ ਬਾਲਿਆਂ ਦੀਆਂ ਛੱਤਾ ਦੀ ਆਮ ਵਰਤੋਂ ਹੁੰਦੀ ਸੀ, ਜਿਨ੍ਹਾਂ ਵਿਚ ਚਿੜਿਆਂ ਵੀ ਆਪਣਾ ਰੈਣ ਬਸੇਰਾ ਬਣਾ ਲੈਂਦੀਆਂ ਸੀ ਅਤੇ ਨਾਲ ਹੀ ਲਵੇਰੀ ਲਈ ਵੀ ਵੱਖਰਾ ਬਰਾਂਡਾ।
    ਪਸ਼ੂਆਂ ਤੇ ਪੰਛੀਆਂ ਦੇ ਮੋਹ ਮਮਤਾ ਪਿਆਰ ਨੂੰ ਮਨੋਵਿਗਿਆਨ ਤਰੀਕੇ ਨਾਲ ਵਿਧੀਆਂ ਦਰਸਾਇਆ ਹੈ।

    ਇਹ ' ਕਾਵਿ ਯਾਤਰਾ' ਜਦ ਇਸ ਪੜਾਅ ਤੇ ਪੁੱਜਦੀ ਹੈ,' ਪਤਾ ਨਹੀਂ ਕਦੋਂ ਕਲੀਆਂ ਨੇ/ ਹੱਥ ਖ਼ੋਲ ਦਿੱਤੇ /ਬੂੰਦਾਂ ਫੜਨ ਨੂੰ'ਤਾਂ ਰਹੱਸ ਨੂੰ ਪ੍ਰਗਟ ਕਰਨ ਲਈ ਪ੍ਰਕਿਰਤੀ ਨੂੰ ਮਾਧਿਅਮ ਬਣਾ ਕੇ ਹੋਰ ਰੂਪਮਾਨ ਕਰ ਦਿੱਤਾ ਹੈ।ਇਸੇ ਹਾਲਤ ਵਿਚ ਉਸ ਦਾ ਮਨ ਪ੍ਰਕਿਰਤਿਕ ਸੁੰਦਰ ਨਜ਼ਾਰੇ ਨਾਲ ਇੱਕ ਮਿੰਕ ਹੋ ਗਿਆ ਤੇ ਕਵਿਤਾ ਲਈ ਸ਼ਬਦ ਜੜਤ ਬੇਮਾਅਨੇ ਲੱਗਣ ਲੱਗੇ ਤੇ ਪ੍ਰਕਿਰਤੀ ਦੇ ਰੰਗਾਂ ਨੂੰ ਮਾਣਨ ਲੱਗੀ।

    ਪਰੋ ਦਵਿੰਦਰ ਕੌਰ ਸਿੱਧੂ ਨੇ,'ਕੁਦਰਤ ਦੇ ਰੰਗ' ਦੇ ਪ੍ਰਤੀਕ ਰਾਹੀਂ ਪ੍ਰਕਿਰਤੀ,ਬ੍ਰਹਿਮੰਡ ਅਤੇ ਸੰਸਾਰ ਦੀ ਇਸ ਖੇਡ ਦੇ ਇਸ ਰਹੱਸ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਪੇਸ਼ ਕੀਤਾ ਹੈ,ਜਿਸ ਲਈ ਮੇਰੇ ਵੱਲੋਂ ਵਧਾਈ ਦੀ ਲਖਾਇਕ ਹੈ।
    -0-
    ਸੁਰਜੀਤ ਸਿੰਘ ਭੁੱਲਰ-21-11-2016

    ReplyDelete
  3. ਜਗਰੂਪ ਕੌਰ23.11.16

    ਬਹੁਤ ਖੂਬਸੂਰਤ ਰਚਨਾ ....ਕਵਿੱਤਰੀ ਦੇ ਕੋਮਲ ਮਨ ਵਿੱਚ ਕੁਦਰਤ ਨਾਲ ਪਿਆਰ ਦਾ ਇਜਹਾਰ ਬਹੁਤ ਖੂਬ ਕੀਤਾ ਹੈ ਜੀ ।

    ReplyDelete
  4. ਧੰਨਵਾਦ ਜੀ, ਬਚਪਨ ਯਾਦ ਕਰਵਾ ਦਿੱਤਾ , ਅਜਿਹਾ ਮੰਜ਼ਰ ਆਪਣੇ ਘਰ ਹੀ ਵੇਖਦਾ ਰਿਹਾ ਹਾਂ...

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ