ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

14 Nov 2016

ਇਹ ਦੁਨੀਆਂ

 ਮੈਂ ਹਾਂ 
ਮੇਰਾ ਖਿਲਾਰਾ ਹੈ 
ਜ਼ਿੰਦਗੀ ਦੀ ਦੌੜ ਭੱਜ 
ਔਖਿਆਈਆਂ, ਸਚਾਈਆਂ 
ਰੋਜ਼ਮਰਾ ਜ਼ਿੰਦਗੀ ਦੀ ਰੇਸ 
ਮਿੰਟ ਦਾ ਰੁਕਣ ਨਹੀਂ 
ਸਿਰਜਣਹਾਰ ਦਾ ਚੇਤਾ ਕਿੱਥੇ 
ਪਰ ਇੱਕ ਦਿਨ ਹੋਵੇਗਾ 
ਮੇਰਾ ਖਿਲਾਰਾ ਨਹੀਂ ਹੋਵੇਗਾ 
ਔਖ ਨਹੀਂ ਹੋਵੇਗੀ 
ਤਕਲੀਫ ਨਹੀਂ ਹੋਵੇਗੀ 
ਯਾਦਾਂ ਹੋਣਗੀਆਂ 
ਆਪਣਿਆਂ ਵਿੱਚ 
ਫਿਰ ਉਹ ਵੀ 
ਭੁੱਲ ਵਿਸਰ ਜਾਣਗੀਆਂ 
ਫਿਰ ਇਹ ਨਾਟਕੀ ਜੀਵਨ 
ਮੇਰੀ ਮੈਂ ਮੈਂ 
ਕਿਸ ਕੰਮ ਭਲਾ 
ਕਿਉਂ ਦੁਨੀਆਂ ਵਿੱਚ ਫਸਦੀ ਜਾਵਾਂ 
ਇਸ  ਦੁਨੀਆਂ ਤੋਂ ਮੈਂ ਕੀ  ਲੈਣਾ 
ਪਰਵਰਦਗਾਰ ਨੂੰ ਸਜਦਾ ਕਰਕੇ 
ਇਸ ਦੁਨੀਆਂ ਦਾ ਖਹਿੜਾ ਛੱਡਾਂ। 

ਪ੍ਰੋ ਦਵਿੰਦਰ ਕੌਰ ਸਿੱਧੂ 
ਦੌਧਰ -ਮੋਗਾ 

ਬੇਰਹਿਮ ਪਲਾਂ ਦੀ ਦਾਸਤਾਨ (2004) 'ਚੋਂ ਧੰਨਵਾਦ ਸਾਹਿਤ 

ਨੋਟ : ਇਹ ਪੋਸਟ ਹੁਣ ਤੱਕ 85 ਵਾਰ ਪੜ੍ਹੀ ਗਈ ਹੈ।

2 comments:

  1. ਮੇਰਾ ਨਿੱਜੀ ਵਿਚਾਰ-'ਇਹ ਦੁਨੀਆ'

    ਕਈ ਵਾਰ ਸਮਾਜ ਵਿਚ ਵਿਚਰਦਿਆਂ, ਮਨੁੱਖ ਕੋਲ ਸਭ ਨਿੱਜੀ ਸਹੂਲਤਾਂ ਹੁੰਦਿਆਂ ਸੂੰਦਿਆਂ,ਢੇਰ ਸਾਰੇ ਰਿਸ਼ਤਿਆਂ ਤੇ ਦੋਸਤਾਂ ਦੇ ਬਾਵਜੂਦ ਹਾਲਾਤ ਅਜਿਹੇ ਪੈਦਾ ਹੋ ਜਾਂਦੇ ਹਨ ਕਿ ਉਸ ਦੀ ਮਾਨਸਿਕਤਾ ਇਕੱਲ ਪੁਣੇ ਵਲ ਉਲਾਰ ਹੋਣ ਲੱਗ ਜਾਂਦੀ ਹੋ, ਜੋ ਸ਼ਾਇਦ ਉਸ ਦੇ ਵਿਚਾਰਕ ਵਿਰੋਧਾਭਾਸ ਸੋਚ ਦਾ ਸਬੱਬ ਬਣ ਜਾਂਦੀ ਹੈ।ਇਹ ਕਲਪਣੇ ਦਾ ਘੇਰਾ ਵਧਦਾ ਰਹਿੰਦਾ/ਜਾਂਦਾ ਹੈ,ਜਿਸ ਦਾ ਦੁੱਖ/ਸੁੱਖ ਉਹ ਆਪਣੀ ਆਤਮਾ ਤੇ ਹੰਢਾਉਂਦਾ ਹੈ।ਬਹੁਤੀ ਵਾਰ ਇਹ ਰੋਜ਼ ਪ੍ਰਤੀ ਜੀਵਨ ਦੇ ਕਠੋਰ,ਅਣਸੁਖਾਵੇਂ,ਡਰਾਉਣ,ਅਕਾਊ ਪੁਣੇ ਜਾਂ ਨਿੱਕੀਆਂ ਨਿੱਕੀਆਂ ਖੈਬੜ ਬਾਜ਼ੀਆਂ ਵਿਚੋਂ ਪੈਦਾ ਹੋ ਕੇ ਭਾਂਜਵਾਦ ਸਥਿਤੀ 'ਚ ਰੂਪਮਾਨ ਹੋ ਜਾਂਦਾ ਹੈ,ਜਿਸ ਨੂੰ ਉਹ ਕਿਸੇ ਨਾ ਕਿਸੇ ਰੂਪ ਵਿਚ ਬਿਆਨ ਕਰਦਾ ਰਹਿੰਦਾ ਹੈ।ਅਸਲ ਵਿਚ ਉਸ ਦੀ ਰੁਚੀ ਪ੍ਰਵਿਰਤੀ ਨਕਾਰਾਤਮਿਕ ਦੀ ਧਾਰਨੀ ਹੋ ਜਾਂਦੀ ਹੈ।
    ਪਰ,ਕਈ ਵਾਰ ਕਿਸੇ ਇਨਸਾਨ ਦੇ'ਬੇਰਹਿਮ ਪਲਾਂ ਦੀ ਦਾਸਤਾਨ'ਦੇ ਇਹ ਨਿਵੇਕਲੇ ਤੇ ਵੱਖਰੇ ਵਿਚਾਰ ਵੀ ਹੋ ਸਕਦੇ ਨੇ,ਜੋ ਆਪਣੇ ਅਲੱਗ ਰਾਹ ਤੇ ਚੱਲ ਕੇ ਆਪਣੀ ਮੰਜ਼ਲ ਨੂੰ ਪਾਉਣ ਲਈ ਸਹਾਈ ਹੋ ਨਿੱਬੜਨ।ਇਹ ਰੁਝਾਨ ਪੁਰਾਣੀਆਂ ਲੀਹਾਂ ਤੇ ਮਿੱਟੀ ਪਾਉਂਦਾ ਹੋਇਆ ਨਵੀਆਂ ਪੈੜ ਛਾਪਾਂ ਉਲੀਕਣ ਲਈ ਯਤਨਸ਼ੀਲ ਹੋ ਜਾਂਦਾ ਹੈ,ਜਿਵੇਂ ਪ੍ਰੋ.ਦਵਿੰਦਰ ਕੌਰ ਸਿੱਧੂ ਕਹਿੰਦੀ ਹੈ ਕਿ'ਪਰਵਰਦਿਗਾਰ ਨੂੰ ਸਜਦਾ ਕਰ ਕੇ/ਇਸ ਦੁਨੀਆ ਦਾ ਖਹਿੜਾ ਛੱਡਾਂ।'

    ਲੇਖਕਾ ਦੀ ਮਨੋਦਸ਼ਾ ਸੋਚ ਦੀ ਇੱਕ ਪਰਤ ਨੂੰ ਦਰਸਾਉਂਦੀ ਹੋਈ ਇਹ ਨਜ਼ਮ ਦੁਨਿਆਵੀ ਪੱਖੋਂ ਬਹੁਤ ਸੱਚ ਦੇ ਨੇੜੇ ਹੈ ਅਤੇ ਲੇਖਕਾ ਨੇ ਬਿਨਾਂ ਕਿਸੇ ਸੰਕੋਚ ਦੇ ਆਪਣੇ ਜੀਵਨ ਦੇ ਰੋਜ਼ਾਨਾ ਦੇ ਰੁਟੀਨ ਨੂੰ ਸ਼ਬਦਾਂ ਦੀ ਸੁੰਦਰ ਚਿੱਤਰਕਾਰੀ ਨਾਲ ਪੇਸ਼ਕਾਰੀ ਕੀਤੀ ਹੈ,ਜਿਸ ਵਿਚੋਂ ਉਸ ਦੇ ਹੌਸਲੇ ਅਤੇ ਵਿਸ਼ਵਾਸ ਵੀ ਝਲਕ ਪੈਂਦੀ ਹੈ।
    ਮੈਂ ਪ੍ਰੋ.ਦਵਿੰਦਰ ਕੌਰ ਸਿੱਧੂ ਨੂੰ ਇਹ ਸੱਚ ਬੋਲਦੇ ਸ਼ਬਦਾਂ ਵਾਲੀ ਲਿਖਤ 'ਤੇ ਮੁਬਾਰਕਬਾਦ ਪੇਸ਼ ਕਰਦਾ ਹਾਂ।
    -0-
    -ਸੁਰਜੀਤ ਸਿੰਘ ਭੁੱਲਰ-15-11-2016

    ReplyDelete
  2. Jagroop kaur16.11.16

    ਬਹੁਤ ਸੋਹਣੀ ਰਚਨਾ ਭੈਣ ਜੀ ਦਵਿੰਦਰ ਕੌਰ ਜੀ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ