ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

27 Sept 2016

ਉਸ ਨੂੰ ਫੜ ਨਾ ਸਕੀ


ਨਾ ਉਹ ਦੂਰ ,ਨਾ ਹੀ ਨੇੜੇ
ਰਿਸ਼ਤਾ ਇੰਝ ਬਣਾਇਆ ,
ਵਾਂਗ ਹਵਾ ਦੇ ਛੂਹ ਕੇ ਲੰਘਿਆ
ਹੱਥ ਕਦੀ ਨਹੀਂ ਆਇਆ ।

ਫੁੱਲ ਦਾ ਬੂਟਾ ਕਿੱਥੇ ਬੀਜਾਂ
ਥਾਂ ਪਈ   ਲੱਭਾਂ ਵਿਹੜੇ ,
ਥਾਂ ਲੱਭਦੇ ਹੀ ਰੁੱਤ ਗਵਾਚੀ
ਹੱਥ ਵਿੱਚ ਹੀ  ਕੁਮਲਾਇਆ  ।

ਹਰੀਆਂ ਭਰੀਆਂ ਰੁੱਤਾਂ ਆਈਆਂ
ਮਹਿਕਾਂ ਪਿੱਛੇ ਦੌੜੀ  ,
ਮੂੰਹ ਭਾਰ  ਕੰਡਿਆਂ 'ਤੇ ਡਿੱਗੀ
ਮੂੰਹ ਮੱਥਾ ਛਿਲਵਾਇਆ ।

ਤਨ - ਮਨ ਦੋਵੇਂ ਗੱਲਾਂ ਕਰਦੇ
ਕਿਸ ਬਿਰਹਨ ਲੜ ਲੱਗੇ ,
ਦੋ ਘੜੀ ਦਾ ਸੁੱਖ ਨਹੀਂ ਲੱਭਾ
ਅੱਗ ਦਾ ਜਨਮ ਹੰਢਾਇਆ ।

ਰਾਹ ਤੋਂ ਡਿੱਗੀਆਂ ਕੌਡੀਆਂ ਲੱਭਾਂ
ਇਸ ਕੰਮੀਂ ਜ਼ਿੰਦਗੀ ਰੋਲੀ ,
ਆਪੇ ਘੱਟਾ - ਮਿੱਟੀ ਉਡਾ ਕੇ
ਆਪਣੇ ਝਾਟੇ ਪਾਇਆ  ।

ਹਾਰ ਥੱਕ ਕੇ ਛਾਂ ਹੁਣ ਲੱਭਦੀ
ਵੱਲ ਅਸਮਾਨੀ  ਤੱਕਦੀ ,
ਗਗਨ ਵਸੇ ,ਤੇਰਾ ਕਿਹੜਾ ਬੇਲੀ ,
ਬਣ ਜਾਏ ਠੰਡਾ ਸਾਇਆ  ।



ਦਿਲਜੋਧ ਸਿੰਘ 

ਵਿਸਕੋਨਸਿਨ -ਯੂ ਐਸ ਏ 
ਨੋਟ : ਇਹ ਪੋਸਟ ਹੁਣ ਤੱਕ 62 ਵਾਰ ਪੜ੍ਹੀ ਗਈ


1 comment:

  1. ਭਾਵਪੂਰਨ ਕਵਿਤਾ। ਜ਼ਿੰਦਗੀ ਦੀ ਦਾਸਤਾਨ ਬਹੁਤ ਹੀ ਸੋਹਣੇ ਅਲਫਾਜ਼ਾਂ 'ਚ ਬਿਆਨ ਕੀਤੀ ਹੈ। ਰਿਸ਼ਤੇ ਚਾਹੇ ਹਵਾ ਦੇ ਬੁੱਲੇ ਵਾਂਗ ਹੀ ਸਾਡੇ ਹੱਥ ਤਾਂ ਕਦੇ ਨਹੀਂ ਆਉਂਦੇ ਪਰ ਇਹਨਾਂ ਵਿਚਲੀ ਮਹਿਕ ਨੂੰ ਮਾਨਣ ਦਾ ਯਤਨ ਕਰਦੇ ਰਹਿਣਾ ਚਾਹੀਦਾ ਹੈ। ਉਤਰਾਓ -ਚੜਾਓ ਜ਼ਿੰਦਗੀ ਦਾ ਹਿੱਸਾ ਨੇ। ਨਿਰਾਸ਼ਤਾ ਦੀ ਖਾਈ 'ਚੋਂ ਬਾਹਰ ਆ ਜ਼ਿੰਦਗੀ ਨੂੰ ਨਵਿਆਉਣ ਤੋਂ ਕਦੇ ਇਨਕਾਰੀ ਨਹੀਂ ਹੋਣਾ ਚਾਹੀਦਾ।
    ਦਿਲਜੋਧ ਸਿੰਘ ਜੀ ਦੀ ਇਹ ਕਵਿਤਾ ਜ਼ਿੰਦਗੀ ਨੂੰ ਇੱਕ ਨਵੀਂ ਪਰਿਭਾਸ਼ਾ ਨਾਲ ਪ੍ਰਗਟਾ ਗਈ। ਲਿਖਦੇ ਰਹੋ ਤੇ ਨਵੇਂ -ਨਵੇਂ ਰਾਹਾਂ ਦੇ ਰੂਬਰੂ ਕਰਵਾਉਂਦੇ ਰਹੋ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ