ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

30 Sept 2016

ਕਾਗਜ਼ ਦੀ ਹਿੱਕ (ਸੇਦੋਕਾ )


ਅੱਜ ਸਾਡੇ ਨਾਲ ਮਨਦੀਪ ਗਿੱਲ ਧੜਾਕ ਨੇ ਸਾਂਝ ਪਾਈ ਹੈ। ਆਪ ਪਿੰਡ ਧੜਾਕ ਕਲਾਂ ਜ਼ਿਲ੍ਹਾ ਐਸ. ਏ. ਐਸ. ਨਗਰ ਮੋਹਾਲੀ ਤੋਂ ਹਨ। ਆਪ ਨੂੰ ਪੰਜਾਬੀ ਸਾਹਿਤ ਪੜ੍ਹਨ, ਕਵਿਤਾਵਾਂ ਤੇ ਗੀਤ ਲਿਖਣ ਦਾ  ਸ਼ੌਕ ਹੈ ਜੋ ਕਿ ਪੰਜਾਬੀ ਅਖਬਾਰਾਂ ਤੇ ਮੈਗਜ਼ੀਨਾਂ ਵਿਚ ਛਪਦੀਆ ਰਹਿੰਦੀਆਂ ਹਨ। ਦਿੱਤੇ ਸੁਝਾ 'ਤੇ ਗੌਰ ਕਰਦਿਆਂ ਆਪ ਨੇ ਸੇਦੋਕਾ ਸ਼ੈਲੀ (5-7-7-5-7-7) 'ਚ ਲਿਖ ਕੇ ਸਾਡੇ ਨਾਲ ਸਾਂਝ ਪਾਈ ਹੈ। ਆਪ ਜੀ ਦਾ ਨਿੱਘਾ ਸੁਆਗਤ ਹੈ। 


1.
ਹੱਸੇ ਚਿਹਰਾ 
ਦਿਲ ਅੰਦਰੋਂ ਰੋਵੇ 
ਪਰ ਕੋਈ ਨਾ ਬੁੱਝੇ 
ਕਦੇ ਨਾ ਦਿਸੇ 
ਦਿਲ ਜਦ ਵੀ ਟੁੱਟੇ 
ਝੱਟ ਅੱਖਾਂ ਦੱਸਣ। 
2.
ਲਾਹਵਾਂ ਭਾਰ 
ਕਾਗਜ਼ ਦੀ ਹਿੱਕ 'ਤੇ 
ਮੇਰੀ ਕਲਮ ਰੋਵੇ 
ਭੇਤ ਦਿਲਾਂ ਦੇ 
ਦਰਿਆਵਾਂ ਤੋਂ ਡੂੰਘੇ 
ਪਰ ਕੋਈ ਨਾ ਬੁੱਝੇ। 
3.
ਪਾਗਲ ਦਿਲ  
ਵੇਖ ਖਿੜੇ ਚੰਨ ਨੂੰ 
ਖਾਵੇ ਜਦ ਭੁਲੇਖਾ     
ਦਰਦੇ ਦਿਲ 
ਸੁਨਾਉਣ ਅੱਖੀਆਂ 
ਕੋਈ ਭੇਤੀ ਸਮਝੇ। 

ਮਨਦੀਪ ਗਿੱਲ ਧੜਾਕ 
ਪਿੰਡ :ਧੜਾਕ ਕਲਾਂ 
ਜ਼ਿਲ੍ਹਾ : ਐਸ. ਏ. ਐਸ. ਨਗਰ ਮੋਹਾਲੀ

ਨੋਟ : ਇਹ ਪੋਸਟ ਹੁਣ ਤੱਕ 210 ਵਾਰ ਪੜ੍ਹੀ ਗਈ
 
                   
  

29 Sept 2016

ਭਾਲ

Surjit Bhullar's Profile Photoਐ ਮੇਰੀ ਕਰਮ ਭੂਮੀ ਦੇ ਵਿਸ਼ਾਲ ਗਗਨ,
ਖੁੱਲ੍ਹੀ ਜ਼ਮੀਨ ਦੀਏ ਰੰਗ ਬਿਰੰਗੀ ਮਿਟੀਏ,
ਸਾਗਰਾਂ ਦੇ ਸੀਨਿਆਂ ਤੇ ਨੱਚਦੀਓ ਲਹਿਰੋ,
ਮੇਰੀ ਨਿਰਬਲ ਵਿਯੋਗੀ ਆਵਾਜ਼ ਭਾਲ ਕਰਦੀ ਹੈ-
ਆਪਣੇ ਸਵਰਾਂ 'ਚ ਬੋਲੇ ਹੋਏ
ਅਹਿਸਾਸਾਂ ਦੀਆਂ ਪ੍ਰਤੀ ਧੁਨੀਆਂ ਨੂੰ-
ਜੋ ਤੁਹਾਨੂੰ ਮਿਲਣ ਤੋਂ ਪਹਿਲਾਂ
ਮੈਨੂੰ ਜਨਮ ਭੂਮੀ ਤੇ ਛੱਡਣੀਆਂ ਪਈਆਂ।
.
ਤੁਹਾਡੇ ਸਭ ਦੀ ਦਿਆਲਤਾ ਸਦਕੇ
ਮੇਰੇ ਕੁਝ ਸੁਪਨੇ ਇੱਥੇ ਆ ਸਾਕਾਰ ਹੋ ਗਏ।
ਕੁਝ ਜਨਮ ਭੂਮੀ ਦੇ ਮੋਹ ਭੰਗ ਕਰਨ ਵੇਲੇ।
ਜੱਦੀ ਵਿਰਸੇ ਦੀਆ ਨਿਸ਼ਾਨੀਆਂ ਹੇਠਾਂ ਦੱਬੇ ਗਏ।
.
ਹੁਣ ਪਤਾ ਚੱਲਿਆ
ਕਿੰਨਾ੍ ਦੁਖਦਾਈ ਹੁੰਦਾ
ਆਪਣੇ ਹੱਥੀਂ ਆਪਣੇ ਸੁਪਨਿਆਂ ਦਾ ਕਤਲ ਕਰਨਾ।
ਆਪਣੇ ਹੱਥੀਂ ਆਪੇ ਅਹਿਸਾਸਾਂ ਦੀ ਹੱਤਿਆ ਕਰਨਾ।
.
ਮਨ ਅੱਜ ਅਜਬ ਸਥਿਤੀ 'ਚ ਉਲਝ ਗਿਆ ਹੈ-
ਖ਼ੁਦ ਆਪਣੇ ਇਕਲਾਪੇ ਨੂੰ ਮੁਖ਼ਾਤਬ ਹੈ-
'ਮੈਂ ਕਿਸ ਕਿਸ ਦਾ ਪਾਪੀ ਹਾਂ?
ਆਪਣੇ ਆਪ ਦਾ?
ਆਪਣੇ ਪੁਰਖਿਆਂ ਦਾ?
ਜਾਂ ਆਪਣੀ ਨਵੀਂ ਪਿਉਂਦ ਦਾ-
ਜੋ ਨਵ-ਧਰਤ 'ਤੇ ਪਈ ਵਧੇ ਫੁੱਲੇ?'
.
ਐ ਮੇਰੀ ਕਰਮ ਭੂਮੀ ਦੇ ਵਿਸ਼ਾਲ ਗਗਨ,
ਖੁੱਲ੍ਹੀ ਜ਼ਮੀਨ ਦੀਏ ਰੰਗ ਬਿਰੰਗੀ ਮਿਟੀਏ,
ਸਾਗਰਾਂ ਦੇ ਸੀਨਿਆਂ ਤੇ ਨੱਚਦੀਓ ਲਹਿਰੋ,
ਜਾਓ,ਭਾਲ ਕੇ ਮੋੜ ਲਿਆ ਦੇਵੋ
ਮੇਰੇ ਉਹੀਓ ਅਹਿਸਾਸ
ਮੇਰੇ ਉਹੀਓ ਸਿਰਜੇ ਸੁਪਨੇ-
ਜੋ ਮੈਂ ਆਪਣੇ ਹੱਥੀਂ ਦੱਬ ਆਇਆ ਸੀ
ਆਪਣੇ ਪੁਰਖਿਆਂ ਦੇ ਸੁਪਨਿਆਂ ਦੇ ਨਾਲ।
ਹਾੜ੍ਹਾ,ਜਾਵਿਓ ਤੇ ਭਾਲ ਲਿਆਵਿਓ!
ਮੇਰੇ ਉਹੀਓ ਅਹਿਸਾਸ... .. .. .. .. ..I
-0-
 ਸੁਰਜੀਤ ਸਿੰਘ ਭੁੱਲਰ- 
24-09-2015

ਨੋਟ : ਇਹ ਪੋਸਟ ਹੁਣ ਤੱਕ 102 ਵਾਰ ਪੜ੍ਹੀ ਗਈ

28 Sept 2016

ਚੰਨ - ਤਾਰੇ


ਨੋਟ : ਇਹ ਪੋਸਟ ਹੁਣ ਤੱਕ 30 ਵਾਰ ਪੜ੍ਹੀ ਗਈ

ਦੋਸਤੀ ਦੀ ਗੰਢ

Image result for shaking hands drawing
ਸਾਡਾ ਵਿਹੜਾ ਕਾਫ਼ੀ ਵੱਡਾ ਸੀ। ਸ਼ਾਮ ਦੇ ਸਮੇਂ ਮੈਂ ਤੇ ਮੇਰੀ ਸਹੇਲੀਆਂ ਇੱਕਠੀਆਂ ਹੋ ਕੇ ਉੱਥੇ ਆਪਣੇ ਮਨ -ਪਸੰਦ ਖੇਲ ਖੇਡਦੀਆਂ। ਕਦੇ ਦੋ ਕੁੜੀਆਂ ਰੱਸੀ ਘੁੰਮਾਉਂਦੀਆਂ ਤੇ ਅਸੀਂ ਵਾਰੋ -ਵਾਰੀ ਵਿੱਚ ਜਾ ਕੇ ਬਿਨਾਂ ਆਊਟ ਹੋਏ ਬਾਹਰ ਆ ਜਾਂਦੀਆਂ। ਕਦੇ ਸਟਾਪੂ ਖੇਡਦੀਆਂ ਤੇ ਕਦੇ ਕਿੱਕਲੀ। ਬੈਠ ਕੇ ਗੀਟੇ ਖੇਲਣਾ ਸਾਨੂੰ ਪਸੰਦ ਨਹੀਂ ਸੀ। ਇਹ ਛੋਟੀਆਂ  ਕੁੜੀਆਂ ਖੇਡਦੀਆਂ। 
     ਉਸ ਦਿਨ ਅਸੀਂ  ਸਟਾਪੂ ਖੇਡ ਰਹੀਆਂ ਸਾਂ। ਮੇਰੀ ਇੱਕ ਸਹੇਲੀ ਤੋਂ ਖੇਡ 'ਚ ਉਸਦਾ ਸਟਾਪੂ ਏਸ ਪਾਰ ਰਹਿ ਗਿਆ ਤੇ ਲਕੀਰ ਨੂੰ ਛੂਹ ਰਿਹਾ ਸੀ। ਸਾਰਿਆਂ ਨੇ ਰੌਲ਼ਾ ਪਾ ਦਿੱਤਾ ਕਿ ਉਹ ਆਊਟ ਹੋ ਗਈ ਹੈ। ਇੱਕ ਹੋਰ ਕੁੜੀ ਬੋਲੀ, "ਹੱਟ ਪਾਸੇ , ਹੁਣ ਮੇਰੀ ਵਾਰੀ ਹੈ। " ਉਸ ਨੇ ਆਊਟ ਹੋਈ ਮੇਰੀ ਸਹੇਲੀ ਨੂੰ ਖਾਨਿਆਂ ਤੋਂ ਬਾਹਰ ਕੱਢ ਦਿੱਤਾ। ਉਹ ਪੈਰ ਪਟਕਾਉਂਦੀ ਗੁੱਸੇ ਹੋ ਕੇ ਘਰ ਚੱਲੀ ਗਈ। ਅਸੀਂ ਖੇਡਣਾ ਜਾਰੀ ਰੱਖਿਆ। ਉਸ ਨੇ ਨਹੀਂ ਖੇਡਣਾ, ਜਾਣ ਦਿਓ -ਅਸੀਂ ਸੋਚਿਆ। 
      ਪਰ ਜਾਣ ਕਿੱਥੇ ਦੇ ਸਕਦੀ ਸੀ ਉਹ। ਉਹ ਤਾਂ ਆਪਣੀ ਮਾਂ ਨੂੰ ਲੈ ਆਈ ਸਾਡੀ ਸ਼ਕਾਇਤ ਕਰਕੇ ਕਿ ਅਸੀਂ ਉਸ ਨੂੰ ਆਪਣੇ ਨਾਲ ਨਹੀਂ ਖਿਡਾਉਂਦੀਆਂ। ਉਸ ਦੀ ਮਾਂ ਬੋਲੀ ," ਕੀ ਗੱਲ ਹੈ ਬਈ ? ਇਸ ਨੂੰ ਨਾਲ ਕਿਉਂ ਨਹੀਂ ਖਿਡਾਉਂਦੀਆਂ ਤੁਸੀਂ ?"
ਮੈਂ ਕਿਹਾ, "ਆਂਟੀ , ਸਾਡੇ ਨਾਲ ਖੇਡਦੇ -ਖੇਡਦੇ ਖੁਦ ਹੀ ਉਹ ਖੇਡ ਛੱਡ ਕੇ ਚਲੀ ਗਈ। "
ਆਂਟੀ ਨੇ ਓਸ ਵੱਲ ਅੱਖਾਂ ਨਾਲ ਘੂਰਦਿਆਂ ਪੁੱਛਿਆ, " ਕੀ ਇਹ  ਸੱਚ ਬੋਲਦੀਆਂ ਨੇ ?"
ਉਸ ਨੇ ਹਾਂ 'ਚ ਸਿਰ  ਝੁਕਾ ਲਿਆ। 
ਆਂਟੀ ਬੋਲੀ ," ਚੱਲੋ ਹੱਥ ਮਿਲਾਓ , ਕਰੋ ਸੁਲਾਹ। "
ਉਹ ਆਪਣੇ ਭਰਾਵਾਂ ਦੀ ਲਾਡਲੀ ਛੋਟੀ ਭੈਣ ਕੁਝ ਜ਼ਿਆਦਾ ਹੀ ਜਿੱਦੀ ਸੀ। ਮੈਂ ਹੱਥ ਅੱਗੇ ਕਰਕੇ ਖੜੀ ਰਹੀ। ਪਰ ਉਹ ਸੁਲਾਹ ਕਰਨ ਨੂੰ ਤਿਆਰ ਨਹੀਂ ਸੀ। ਆਂਟੀ ਨੇ ਦੁਬਾਰਾ ਕੁਝ ਨਹੀਂ ਕਿਹਾ। ਬੱਸ ਸਾਡੀਆਂ  ਦੋਹਾਂ ਦੀਆਂ ਗੁੱਤਾਂ ਬੰਨ ਦਿੱਤੀਆਂ। ਮੇਰੀ ਮਾਂ ਵੀ ਉੱਥੇ ਸਾਨੂੰ ਵੇਖ ਰਹੀ ਸੀ। ਆਂਟੀ ਨੇ ਕਿਹਾ, " ਜਦ ਤੱਕ ਇਹ ਹੱਥ ਮਿਲਾ ਕੇ ਫੇਰ ਤੋਂ ਦੋਸਤੀ ਨਹੀਂ ਕਰਦੀ ਇਸੇ ਤਰਾਂ ਰਹਿਣਗੀਆਂ। ਤੁਸੀਂ  ਵੀ ਇਹਨਾਂ ਨੂੰ ਅਲੱਗ ਨਾ ਕਰਨਾ। "
ਫਿਰ ਆਂਟੀ ਨੇ ਸਾਨੂੰ ਕਿਹਾ ," ਕੁੜੇ ਬੇਫਕੂਫ਼ੋ ! ਬਚਪਨ ਹੱਸਣ ਖੇਡਣ ਲਈ ਹੁੰਦਾ ਹੈ ਜਾਂ ਰੁੱਸ ਕੇ ਆਪਣਾ ਤੇ ਆਪਣੇ ਦੋਸਤਾਂ ਦਾ ਮਨ ਦੁਖਾਉਣ ਲਈ। " ਅਸੀਂ ਜਿਉਂ ਹੀ ਆਪਣੇ ਆਪ ਨੂੰ ਇੱਕ ਦੂਜੇ ਤੋਂ ਦੂਰ ਕਰਦੀਆਂ ਸਾਡੇ ਵਾਲ਼ ਖਿੱਚ ਹੋ ਜਾਂਦੇ ਤੇ ਅਸੀਂ ਫੇਰ ਨੇੜੇ ਆ ਜਾਂਦੀਆਂ। ਇਸੇ ਚੱਕਰ 'ਚ ਸਾਡੀ ਹਾਸੀ ਨਿਕਲ ਗਈ। ਅਸੀਂ ਦੋਸਤੀ ਲਈ ਹੱਥ ਅੱਗੇ ਕਰ ਦਿੱਤੇ। ਜਦ ਤੱਕ ਸਾਡੇ ਬਚਪਨ ਨੇ ਸਾਥ ਨਹੀਂ ਛੱਡਿਆ ਦੁਬਾਰਾ ਅਜਿਹੀ ਨੌਬਤ ਨਹੀਂ ਆਈ। ਆਂਟੀ ਦੀ ਦਿੱਤੀ ਸਿੱਖਿਆ ਹੁਣ ਵੀ ਯਾਦ ਹੈ। ਦੋਸਤੀ ਤੋੜਨ ਨਾਲ ਇੱਕ ਦਾ ਨਹੀਂ ਦੋਹਾਂ ਦਾ ਮਨ ਦੁੱਖਦਾ ਹੈ ਜਿਵੇਂ ਖਿੱਚਣ ਨਾਲ ਵਾਲ਼। 

ਸ਼ਾਮ ਦਾ ਸਮਾਂ 
ਖੇਡਦੀਆਂ ਕੁੜੀਆਂ 
ਗੰਢ ਦੋਸਤੀ । 

ਕਮਲਾ ਘਟਾਔਰਾ 
ਯੂ ਕੇ 
ਅਨੁਵਾਦ : ਡਾ ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 85 ਵਾਰ ਪੜ੍ਹੀ ਗਈ


27 Sept 2016

ਉਸ ਨੂੰ ਫੜ ਨਾ ਸਕੀ


ਨਾ ਉਹ ਦੂਰ ,ਨਾ ਹੀ ਨੇੜੇ
ਰਿਸ਼ਤਾ ਇੰਝ ਬਣਾਇਆ ,
ਵਾਂਗ ਹਵਾ ਦੇ ਛੂਹ ਕੇ ਲੰਘਿਆ
ਹੱਥ ਕਦੀ ਨਹੀਂ ਆਇਆ ।

ਫੁੱਲ ਦਾ ਬੂਟਾ ਕਿੱਥੇ ਬੀਜਾਂ
ਥਾਂ ਪਈ   ਲੱਭਾਂ ਵਿਹੜੇ ,
ਥਾਂ ਲੱਭਦੇ ਹੀ ਰੁੱਤ ਗਵਾਚੀ
ਹੱਥ ਵਿੱਚ ਹੀ  ਕੁਮਲਾਇਆ  ।

ਹਰੀਆਂ ਭਰੀਆਂ ਰੁੱਤਾਂ ਆਈਆਂ
ਮਹਿਕਾਂ ਪਿੱਛੇ ਦੌੜੀ  ,
ਮੂੰਹ ਭਾਰ  ਕੰਡਿਆਂ 'ਤੇ ਡਿੱਗੀ
ਮੂੰਹ ਮੱਥਾ ਛਿਲਵਾਇਆ ।

ਤਨ - ਮਨ ਦੋਵੇਂ ਗੱਲਾਂ ਕਰਦੇ
ਕਿਸ ਬਿਰਹਨ ਲੜ ਲੱਗੇ ,
ਦੋ ਘੜੀ ਦਾ ਸੁੱਖ ਨਹੀਂ ਲੱਭਾ
ਅੱਗ ਦਾ ਜਨਮ ਹੰਢਾਇਆ ।

ਰਾਹ ਤੋਂ ਡਿੱਗੀਆਂ ਕੌਡੀਆਂ ਲੱਭਾਂ
ਇਸ ਕੰਮੀਂ ਜ਼ਿੰਦਗੀ ਰੋਲੀ ,
ਆਪੇ ਘੱਟਾ - ਮਿੱਟੀ ਉਡਾ ਕੇ
ਆਪਣੇ ਝਾਟੇ ਪਾਇਆ  ।

ਹਾਰ ਥੱਕ ਕੇ ਛਾਂ ਹੁਣ ਲੱਭਦੀ
ਵੱਲ ਅਸਮਾਨੀ  ਤੱਕਦੀ ,
ਗਗਨ ਵਸੇ ,ਤੇਰਾ ਕਿਹੜਾ ਬੇਲੀ ,
ਬਣ ਜਾਏ ਠੰਡਾ ਸਾਇਆ  ।



ਦਿਲਜੋਧ ਸਿੰਘ 

ਵਿਸਕੋਨਸਿਨ -ਯੂ ਐਸ ਏ 
ਨੋਟ : ਇਹ ਪੋਸਟ ਹੁਣ ਤੱਕ 62 ਵਾਰ ਪੜ੍ਹੀ ਗਈ


26 Sept 2016

ਜ਼ਿੰਦਾਦਿਲੀ

ਅੱਜ ਅਸੀਂ ਇੱਕ ਹੋਰ ਨਵੇਂ ਜੁੜੇ ਸਾਥੀ ਦਾ ਸਾਡੇ ਵਿਹੜੇ ਸੁਆਗਤ ਕਰਦੇ ਹਾਂ - ਨਿਰਮਲ ਕੋਟਲਾ। ਆਪ ਪਿੰਡ ਕੋਟਲਾ ਮਜੀਠਾ ਅੰਮ੍ਰਿਤਸਰ ਨਾਲ ਸਬੰਧ ਰੱਖਦੇ ਨੇ। ਆਪ ਸਿੱਖਿਆ ਦੇ ਖੇਤਰ ਨਾਲ ਜੁੜੇ ਹੋਏ ਹਨ ਤੇ ਪੰਜਾਬੀ ਸੱਭਿਆਚਾਰ ਨਾਲ ਆਪ ਦਾ ਅੰਤਾਂ ਦਾ ਮੋਹ ਹੈ। ਆਪ ਦੀਆਂ ਰਚਨਾਵਾਂ  ਪੰਜਾਬੀ ਇਨ ਹੌਲੈਂਡ ਅਖ਼ਬਾਰ 'ਚ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। ਆਪ ਸਮੇਂ ਸਮੇਂ 'ਤੇ ਸਾਹਿਤ ਸਭਾਵਾਂ ਦਾ ਹਿੱਸਾ ਬਣਦੇ ਰਹਿੰਦੇ ਹਨ। ਆਪ ਦਾ ਕਹਿਣਾ ਹੈ ਕਿ ਸੋਚ ਬਦਲੋ ਦੇਸ਼ ਬਦਲੇਗਾ -ਇਹ ਵਕਤ ਦੀ ਪੁਕਾਰ ਹੈ। ਅੱਜ ਆਪ ਨੇ ਸਾਡੇ ਨਾਲ ਜ਼ਿੰਦਾਦਿਲੀ ਨਾਲ ਸਾਂਝ ਪਾਈ ਹੈ। ਆਸ ਕਰਦੇ ਹਾਂ ਕਿ ਆਪ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਗੇ। 
********************************************************

ਜ਼ਿੰਦਾਦਿਲੀ 
ਕੱਲ ਮੇਰੇ ਅਜੀਜ਼ ਰਿਸ਼ਤੇਦਾਰ ਦੀ ਖ਼ਬਰ ਲੈਣ ਲਈ ਹਸਪਤਾਲ ਗਈ । ਉੱਥੇ ਨਾਲ ਦੇ ਬੈੱਡ 'ਤੇ ਇੱਕ ਮਰੀਜ ਵੇਖਿਆ ਜਿਸ ਦੀ ਉਮਰ ਤਕਰੀਬਨ 65 ਸਾਲ ਦੇ ਕਰੀਬ ਹੋਵੇਗੀ ।ਉਸ ਦੀ ਹਾਲਤ ਦੇਖ ਕੇ ਮੇਰਾ ਦਿਲ ਦਹਿਲ ਗਿਆ ।ਮੈਂ ਮਨ ਹੀ ਮਨ ਸੋਚਣ ਲੱਗੀ, " ਐ ਮਨਾ ! ਤੂੰ ਕੀ ਜਾਣੇ ਦਰਦ ਕੀਹਨੂੰ ਕਹਿੰਦੇ ਨੇ, ਦਰਦ ਤਾਂ ਮੈਂ ਹੁਣ ਅੱਖੀਂ ਦੇਖ ਰਹੀ ਹਾਂ ।" 
ਉਹ ਵਿਅਕਤੀ ਸ਼ੂਗਰ ਕਾਰਨ ਦੋਵੇਂ ਲੱਤਾਂ ਤੇ ਅੱਖਾਂ ਗੁਆ ਬੈਠਾ ਸੀ।ਅੱਜ ਮੈਂ  ਉਸ ਦੀ ਬਹਾਦਰ ਪਤਨੀ ਨੂੰ ਮੋਢੇ 'ਤੇ ਇੱਕ ਜ਼ਿੰਦਾ ਲਾਸ਼ ਚੁੱਕੀ ਦੇਖਿਆ। ਇੱਕ ਰਜਨੀ ਸੋਲ੍ਹਵੀਂ ਸਦੀ 'ਚ ਹੋਈ ਸੀ ਤੇ ਇੱਕ ਰਜਨੀ ਮੇਰੀਆਂ ਅੱਖਾਂ ਸਾਹਮਣੇ ਸੀ। ਖਾਣ -ਪੀਣ ਤੋਂ ਲਾਚਾਰ ਪਤੀ ਦੀ ਸਾਂਭ ਸੰਭਾਲ ਅਸਲੀ ਸੇਵਾ, ਉੱਚੀ -ਸੁੱਚੀ ਗੁਰੂ ਘਰ ਤੋਂ ਵੀ ਵੱਡੀ। ਇਨਸਾਨੀਅਤ ਦੀ ਜ਼ਿੰਦਾ ਮਿਸਾਲ ਲੱਗੀ ਮੈਨੂੰ ਓਹ ਔਰਤ, ਜ਼ੁੰਮੇਵਾਰੀਆਂ ਦੀ ਪੰਡ ਚੁੱਕੀ। ਮੈਂ ਓਸ ਦੀ ਜ਼ਿੰਦਾਦਿਲੀ ਤੋਂ ਕੁਰਬਾਨ ਹੋ ਗਈ। 
ਮੇਰੀਆਂ ਅੱਖਾਂ ਮੱਲੋ -ਮੱਲੀ ਵਹਿ ਤੁਰੀਆਂ। ਇੱਕ ਵਾਰ ਫਿਰ ਮੈਂ ਸੋਚਾਂ 'ਚ ਵਹਿ ਤੁਰੀ, " ਐਵੇਂ ਕੋਸਦੇ ਆਂ ਤੈਨੂੰ ਐ ਜ਼ਿੰਦਗੀ ! ਜਦ ਮੈਂ ਤੈਨੂੰ ਨੇੜਿਓਂ ਤੱਕਿਆ ਤਾਂ ਨਪੀੜੀ ਗਈ, ਇੱਕ ਅਸਹਿ ਪੀੜ ਨਾਲ।" ਅੱਜ ਮੈਂ ਆਪਣੀ ਜ਼ਿੰਦਗੀ ਦਾ ਸ਼ੁਕਰਾਨਾ ਕੀਤਾ ਪਰ ਅਫ਼ਸੋਸ ਮੈਂ ਉਸ ਲਈ ਕੁਝ ਨਹੀਂ ਕਰ ਸਕੀ। ਮੇਰੀਆਂ ਅੱਖੀਆਂ 'ਚੋਂ  ਹੰਝੂ ਅਜੇ ਵੀ ਵਹਿ ਰਹੇ ਸਨ ਤੇ ਫੇਰ ਬੱਸ ਵਹਿੰਦੇ ਰਹੇ ! ਵਹਿੰਦੇ ਰਹੇ !

ਨਿਰਮਲ ਕੋਟਲਾ
ਪਿੰਡ ਕੋਟਲਾ - ਮੱਝੇਵਾਲ ਅੰਮ੍ਰਿਤਸਰ 
ਨੋਟ : ਇਹ ਪੋਸਟ ਹੁਣ ਤੱਕ 300 ਵਾਰ ਪੜ੍ਹੀ ਗਈ

24 Sept 2016

ਮੂਕ ਵੇਦਨਾ

Image result for dead body on railway trackਅੱਸੂ ਮਹੀਨੇ ਦੀ ਢਲਦੀ ਦੁਪਹਿਰ ਸੀ ਤੇ ਰੁਕ ਰੁਕ ਕੇ ਚੱਲਦੀ ਹਵਾ ਖ਼ਾਮੋਸ਼ ਹੋ ਗਈ ਸੀ। ਇੱਕ ਮੂਕ ਵੇਦਨਾ ਚੌਗਿਰਦੇ 'ਚ ਹਾਵੀ ਸੀ। ਇਸ ਅਸਹਿ ਚੁੱਪ 'ਚ ਦਮ ਘੁੱਟ ਰਿਹਾ ਸੀ।  ਲੋਕਾਂ ਦੀ ਜੁੜੀ ਭੀੜ ਹਰੇਕ ਨੂੰ ਬੇਚੈਨ ਕਰ ਰਹੀ ਸੀ। ਬੋਲਾਂ ਦਾ ਅਟੁੱਟ ਸਿਲਸਿਲਾ ਥੰਮ੍ਹ ਗਿਆ ਸੀ।ਅੱਜ ਉਹ ਹਮੇਸ਼ਾਂ ਹਮੇਸ਼ਾਂ ਲਈ ਚੁੱਪ ਹੋ ਗਈ ਸੀ। ਲਹੂ ਨਾਲ਼ ਲੱਥ -ਪੱਥ ਗੱਡੀ ਦੀ ਲੀਹ 'ਤੇ ਉਹ ਚੌਫ਼ਾਲ ਪਈ ਸੀ। 
         ਅੱਸੀਆਂ ਕੁ ਵਰ੍ਹਿਆਂ ਨੂੰ ਢੁੱਕੀ ਕਿਸੇ ਦੀ ਉਹ ਬੇਬੇ ਸੀ ਤੇ ਕਿਸੇ ਦੀ ਅੰਬੋ। ਸੁੱਘੜ ਸੁਆਣੀ ਦੀ ਮਰਿਆਦਾ ਨੂੰ ਪਾਲਣ ਵਾਲੀ ਸਰਲ ਤੇ ਸ਼ਾਂਤ ਚਿੱਤ। ਲੋਕਾਂ ਦੇ ਘਰਾਂ 'ਚ ਕੰਮ ਕਰਕੇ ਉਸ ਆਪਣਾ ਤੋਰੀ ਫੁਲਕਾ ਵਧੀਆ ਤੋਰੀ ਰੱਖਿਆ ਸੀ। ਹੁਣ ਉਸ ਤੋਂ ਕੰਮ ਨਹੀਂ ਹੁੰਦਾ ਸੀ। ਉਸ ਦਾ ਕੰਮ ਉਸ ਦੀਆਂ ਨੂੰਹਾਂ ਨੇ ਸਾਂਭ ਲਿਆ ਸੀ। ਪਰ ਜਦ ਆਪਣੇ ਹੀ ਤਲਖ਼ੀਆਂ ਬੀਜਣ ਲੱਗ ਜਾਣ ਤੇ ਕੁੜੱਤਣ ਦਾ ਨਿਓਂਦਾ ਪਾਉਣ ਤਾਂ ਭਰੋਸੇ ਭਰਮ ਬਣ ਜਾਂਦੇ ਨੇ। ਵੱਡਾ ਮੁੰਡਾ ਅੱਡ ਹੋ ਗਿਆ। ਛੋਟੀ ਨੂੰਹ ਦੇ ਘਰ ਛੱਡ ਕੇ ਜਾਣ ਤੋਂ ਬਾਦ ਛੋਟਾ ਸ਼ਰਾਬ ਦਾ ਆਦੀ ਹੋ ਗਿਆ ਸੀ। ਛੋਟੇ ਦੇ ਨਿਆਣਿਆਂ ਨੂੰ ਅੰਬੋ ਹੀ ਪਾਲ਼ ਰਹੀ ਸੀ। ਪਰ ਹੁਣ ਉਹ ਹਾਰ ਜਿਹੀ ਗਈ ਸੀ। 
     ਕਈ ਵਾਰ ਕੁਦਰਤ ਅਜਿਹੀ ਚਾਲ ਚੱਲਦੀ ਹੈ,ਜਿਸ ਮੂਹਰੇ ਸਾਰੇ ਤਰਕ ਫਿੱਕੇ ਪੈ ਜਾਂਦੇ ਨੇ। ਸਾਰੇ ਪਾਸੇ ਬੇਵਸੀ ਦਾ ਪਸਾਰਾ ਹੋ ਜਾਂਦਾ ਹੈ। ਅਸੁਖਾਵੀਂ ਡਗਰ 'ਚ ਉਸ ਦੇ ਕਦਮ ਡੱਗਮਗਾਉਣ ਲੱਗ ਪਏ। ਮੁਹੱਲੇ ਦੇ ਲੋਕਾਂ ਦਾ ਮੋਹ ਹੀ ਉਸ ਦੀ ਉਮਰ ਭਰ ਦੀ ਕਮਾਈ ਸੀ। ਕੋਈ ਉਸ ਨੂੰ ਸੂਟ ਸਿਲਾ ਕੇ ਦੇ ਜਾਂਦਾ ਤੇ ਕੋਈ ਦਾਰੂ ਬੂਟੀ ਲਈ ਪੈਸੇ ਦੇ ਜਾਂਦਾ। ਪਿਛਲੇ ਕੁਝ ਅਰਸੇ ਤੋਂ ਉਹ ਲੋਕਾਂ ਦੇ ਘਰ ਹੀ ਰੋਟੀ ਖਾਂਦੀ ਸੀ। 
     ਹੁਣ ਘਰ 'ਚ ਗੁਰਬਤ ਦੇ ਆਲਮ ਤੋਂ ਸਿਵਾਏ ਕੁਝ ਨਹੀਂ ਸੀ। ਜ਼ਿੰਦਗੀ ਚਿੰਤਾਵਾਂ ਤੇ ਝੋਰਿਆਂ 'ਚ ਕਟ ਰਹੀ ਸੀ। ਉਸ ਦੇ ਘਰ 'ਚ ਨਿੱਤ ਗਮ ਦੀ ਧੂਣੀ ਧੁਖਣ ਲੱਗ ਪਈ ਸੀ। ਉਹ ਹਉਕਿਆਂ ਦੀ ਤ੍ਰਾਸਦੀ ਹੰਢਾਉਣ ਲਈ ਮਜ਼ਬੂਰ ਹੋ ਗਈ ਸੀ। ਜਦ ਆਪਣੇ ਹੀ ਨਿਹੋਰਿਆਂ ਦੀ ਬੁਛਾੜ 'ਚ ਭਿਉਂ ਦੇਣ ਤਾਂ ਸਬਰ ਦਾ ਬੰਨ ਟੁੱਟ ਜਾਂਦਾ ਹੈ। ਅੱਜ ਉਸ ਕਈਆਂ ਨੂੰ ਗੱਲਾਂ ਗੱਲਾਂ 'ਚ ਹੀ ਕਿਹਾ ਸੀ ਕਿ ਭਲਕ ਕਿਸ ਨੇ ਦੇਖੀ ਹੈ। 
    ਮਨ ਦੇ ਵਿਹੜੇ ਲੱਥੀ ਸੁੰਨਤਾ ਝੱਲਦੀ ਹੁਣ ਉਹ ਥੱਕ ਗਈ ਸੀ। ਜੀਵਨ ਦੀ ਅਪੂਰਨਤਾ ਉਸ ਦੀ ਰਗ ਰਗ ਨੂੰ ਪੀੜਤ ਕਰ ਰਹੀ ਸੀ।ਆਪਣੀ ਖਾਮੋਸ਼ ਚੀਖ਼ ਦਾ ਅੰਤ ਕਰਨ ਲਈ ਉਹ ਸਿਖਰ ਦੁਪਹਿਰੇ ਗੱਡੀ ਦੀ ਲੀਹ ਵੱਲ ਤੁਰੀ ਪਈ ਸੀ। ਪੋਤੇ ਨੇ ਚੁੰਨੀ ਦਾ ਲੜ ਖਿੱਚ ਕੇ ਹੋਣ ਵਾਲੇ ਅਨਰਥ ਨੂੰ ਰੋਕ ਲਿਆ। ਪਰ ਅੱਜ ਉਸ ਦੇ ਹਰ ਅਹਿਸਾਸ 'ਤੇ ਅਸਹਿ ਪੀੜ ਭਾਰੂ ਸੀ। ਤਿੜਕੇ ਆਪੇ ਦੀ ਸੋਗਮਈ ਸੁਰ ਉਸ ਨੂੰ ਉਪਰਾਮ ਕਰ ਰਹੀ ਸੀ। ਕੁਝ ਵਕਫ਼ੇ ਬਾਦ ਗੱਡੀ ਦੀ ਕੂਕ ਸੁਣ ਉਸ ਫੇਰ ਹੰਭਲਾ ਮਾਰਿਆ। ਪਿੱਛੇ ਭੱਜੇ ਆਉਂਦੇ ਪੋਤੇ ਦੇ ਡੰਡਾ ਮਾਰ ਉਸ ਨੂੰ ਪਿਛਾਂਹ ਸੁੱਟ ਦਿੱਤਾ। ਏਸ ਫ਼ਾਨੀ ਸੰਸਾਰ ਨੂੰ ਸਦੀਵੀ ਅਲਵਿਦਾ ਆਖ ਅੱਜ ਉਸ ਆਪਣੀ ਹਰ ਪੀੜ ਤੋਂ ਛੁਟਕਾਰਾ ਪਾ ਲਿਆ ਸੀ। 
   ਚਸ਼ਮਦੀਦ ਗਵਾਹਾਂ ਨੇ ਪਰਿਵਾਰ ਨੂੰ ਖੱਜਲ ਖੁਆਰੀ ਤੋਂ ਬਚਾਉਣ ਲਈ ਉਸ ਦੀ ਮਾਨਸਿਕਤਾ ਨੂੰ ਅਸੰਤੁਲਿਤ ਕਰਾਰ ਦੇ ਦਿੱਤਾ ਸੀ। ਪਰ ਏਸ ਮਾਤਮੀ ਚੁੱਪ 'ਚ ਉਸ ਦੀ ਸੰਵੇਦਨਸ਼ੀਲਤਾ ਨੂੰ ਅਹਿਸਾਸਦੀਆਂ ਅੱਖੀਆਂ ਬੇਰੋਕ ਵਹਿ ਰਹੀਆਂ ਸਨ। 

ਮੂਕ ਵੇਦਨਾ -
ਲੀਹ 'ਤੇ ਵੱਢੀ ਚੀਖ਼ 
ਤਰਲ ਅੱਖਾਂ।  

ਡਾ ਹਰਦੀਪ ਕੌਰ ਸੰਧੂ 
ਨੋਟ : ਇਹ ਪੋਸਟ ਹੁਣ ਤੱਕ 260 ਵਾਰ ਪੜ੍ਹੀ ਗਈ

20 Sept 2016

ਸੰਸਕਾਰ (ਮਿੰਨੀ ਕਹਾਣੀ )

Image result for proud to be an indian  t-shirt
ਫੁੱਟਬਾਲ ਮੈਚ ਖ਼ਤਮ ਹੋਣ ਤੋਂ ਬਾਅਦ ਖਿਡਾਰਨਾ ਇੱਕ ਦੂਜੇ ਨਾਲ ਹੱਥ ਮਿਲਾਉਂਦੀਆਂ ਖੇਡ ਮੈਦਾਨ ‘ਚੋਂ ਬਾਹਰ ਆ ਰਹੀਆਂ ਸਨ । ਤੇਜ਼ ਧੁੱਪ ‘ਚ ਖੇਡਣ ਕਰਕੇ ਉਹਨਾਂ ਦੇ ਸੁਰਖ ਚਿਹਰਿਆਂ ਤੋਂ ਮੁੜਕਾ ਚੋ ਰਿਹਾ ਸੀ। ਉਹਨਾਂ ਵਿੱਚੋਂ ਬਹੁਤੀਆਂ ਖਿਡਾਰਨਾ ਨੇ ਆਉਂਦਿਆਂ ਹੀ ਆਪਣੀਆਂ ਖੇਡ ਟੀ- ਸ਼ਰਟਾਂ ਲਾਹ ਕੇ ਪਰਾਂ ਵਗ੍ਹਾ ਮਾਰੀਆਂ । ਮਿਸਜ਼ ਜੌਨਸਨ ਨੇ ਟੀ -ਸ਼ਰਟਾਂ ਇੱਕਠੀਆਂ ਕਰਕੇ ਲੌਂਡਰੀ ‘ਚ ਧੋਣ ਲਈ ਲੈ ਕੇ ਜਾਣੀਆਂ ਸਨ । ਜਦ ਉਸ ਨੇ ਗਿਣਤੀ ਕੀਤੀ ਤਾਂ ਦੋ ਟੀ -ਸ਼ਰਟਾਂ ਘੱਟ ਸਨ । ਉਸ ਨੇ ਦੋਬਾਰਾ ਗਿਣਦਿਆਂ ਆਪਣੀ ਉਲਝਣ ਪ੍ਰਗਟਾਉਂਦਿਆਂ ਕਿਹਾ ,” ਉਹੋ! ਦੋ ਟੀ -ਸ਼ਰਟਾਂ ਪਤਾ ਨਹੀਂ ਕਿੱਧਰ ਹਵਾ ਹੋ ਗਈਆਂ ।” 
             ” ਹਵਾ ਨਹੀਂ ਹੋਈਆਂ,ਮਿਸਜ਼ ਜੌਨਸਨ,” ਟੀਮ ਦੇ ਕੋਚ ਨੇ ਠਰੰਮੇ ਨਾਲ ਕਿਹਾ,“ਤੈਨੂੰ ਪੰਜ-ਸੱਤ ਮਿੰਟ ਹੋਰ ਉਡੀਕਣਾ ਪਵੇਗਾ। ਟੀਮ ‘ਚ ਸ਼ਾਮਿਲ ਦੋ ਭਾਰਤੀ ਕੁੜੀਆਂ ਨੂੰ ਚੇਂਜ-ਰੂਮ ‘ਚ ਜਾ ਕੇ ਟੀ-ਸ਼ਰਟ ਬਦਲਣ ਲਈ ਐਨਾ ਕੁ ਸਮਾਂ ਤਾਂ ਲੱਗ ਹੀ ਜਾਂਦਾ।”
         ” ਜੇ ਬਾਕੀ ਕੁੜੀਆਂ ਖੇਡ ਮੈਦਾਨ ‘ਚ ਹੀ ਆਪਣੀਆਂ ਟੀ -ਸ਼ਰਟਾਂ ਬਦਲ ਲੈਂਦੀਆਂ ਨੇ ਤਾਂ ਉਹ ਦੋਵੇਂ ਕਿਉਂ ਨਹੀਂ ?” ਮਿਸਜ਼ ਜੌਨਸਨ ਨੇ ਹੈਰਾਨੀ ਨਾਲ ਸੁਆਲ ਕੀਤਾ । 
         ” ਮਾਫ਼ ਕਰਨਾ ਮਿਸਜ਼ ਜੌਨਸਨ, ਅਸੀਂ ਸੰਗ-ਸ਼ਰਮ ਦੀ ਲੋਈ ਨੂੰ ਕਿੱਲੀ ‘ਤੇ ਨਹੀਂ ਟੰਗਣਾ। ਦਰਸ਼ਕਾਂ ਨੂੰ ਨੰਗੇਜ਼ ਪਰੋਸਣਾ ਸਾਡੀ ਸੱਭਿਅਤਾ ਦਾ ਹਿੱਸਾ ਨਹੀਂ ਹੈ।” ਟੀ – ਸ਼ਰਟ ਫੜਾਉਣ ਆਈ ਪਿੱਛੇ ਖੜੀ ਰੀਤ ਨੇ ਦਲੀਲ ਨਾਲ ਕਿਹਾ। 
ਡਾ. ਹਰਦੀਪ ਕੌਰ ਸੰਧੂ

ਨੋਟ : ਇਹ ਪੋਸਟ ਹੁਣ ਤੱਕ 234 ਵਾਰ ਪੜ੍ਹੀ ਗਈ

14 Sept 2016

ਮੌਜ਼ ਬਹਾਰਾਂ (ਤਾਂਕਾ)

1.
ਦਲਾਨ ਚੋਂਦਾ 
ਪੜਛੱਤੀ 'ਤੇ ਪਿਆ 
ਬੇਬੇ ਮਾਂ ਦੀਆਂ 
ਯਾਦਾਂ ਵਿੱਚ ਡੁੱਬਿਆ 
ਨਿੱਤ ਚਰਖਾ ਰੋਂਦਾ। 

2.
ਅੰਮ੍ਰਿਤ ਬਾਣੀ 
ਸ਼ਬਦ ਸਿਰੋਪਾਓ 
ਅੱਖਰ ਮੋਤੀ 
ਕਾਗਜ਼ਾਂ 'ਤੇ ਵਿਛ ਕੇ 
ਚੰਦ ਨਗਮੇ ਬਣੇ। 
3.
ਘਰਾਂ 'ਚ ਮਾਪੇ 
ਨਾ ਫਿਕਰ ਨਾ ਫ਼ਾਕੇ 
ਮੌਜ਼ ਬਹਾਰਾਂ 
ਸਿਰ ਠੰਢੀਆਂ ਛਾਵਾਂ 
ਘਰ ਮੰਦਰ ਜਾਪੇ। 

ਬੁੱਧ ਸਿੰਘ ਚਿੱਤਰਕਾਰ 
ਪਿੰਡ :ਨਡਾਲੋਂ 
ਹੁਸ਼ਿਆਰਪੁਰ 
ਨੋਟ : ਇਹ ਪੋਸਟ ਹੁਣ ਤੱਕ 137 ਵਾਰ ਪੜ੍ਹੀ ਗਈ

13 Sept 2016

ਚੁੱਪ ਦੀ ਇਬਾਦਤ

Surjit Bhullar's Profile Photoਤੇਰੀ ਚੁੱਪ- ਕਦੇ ਯਖ਼ ਬਰਫ਼, 
ਤੇਰੀ ਚੁੱਪ- ਕਦੇ ਅੱਗ ਦੀ ਨੀਲੀ ਲਾਟ,
ਇਸ ਚੁੱਪ ਦੀ ਆਵਾਜ਼ ਦੇ ਰਿਸ਼ਤੇ ਨੂੰ
ਇੱਕ ਦੂਜੇ ਪ੍ਰਤੀ ਕਿਵੇਂ ਸਮਝਾਂ? 
.
ਤੇਰੀ ਚੁੱਪ ਤੋਂ-
ਮੇਰੀ ਸਵੇਰ ਸਹਿਮ ਜਾਂਦੀ ਹੈ।
ਦੁਪਹਿਰ ਗੁੰਗੀ ਤੇ ਸ਼ਾਮ ਬੋਲ਼ੀ ਹੋ ਜਾਂਦੀ ਹੈ।
ਰਾਤ ਦੇ ਦਰਦ ‘ਚ ਹੋ ਜਾਂਦੀ ਹੈ ਭਿਆਨਕ ਮੌਤ! 
.
ਮੇਰੀ ਕਲਮ,ਕੁਕਨੂਸ ਵਾਂਗ 
ਪੁਨਰ ਜਨਮ ਦੇ ਅਨੰਤ ਚੱਕਰ ਚੋਂ
ਫਿਰ ਤੇਰੀ ਚੁੱਪ ਬੁੱਲ੍ਹੀਆਂ 'ਤੇ
ਆਪਣੇ ਦਿਲ ਦੇ ਵੇਦਨਾ ਭਰੇ ਸ਼ਬਦਾਂ ਨੂੰ
ਇੱਕ ਚੁੱਪ ਸਮਤਲ ਚੈਨ ਨਾਲ ਰੱਖ ਤਾਂ ਆਉਂਦੀ ਹੈ-
ਪਰ ਫਿਰ ਵੀ ਅਨਿਸ਼ਚਿਤ ਕਾਲੀਨ ਚੁੱਪੀ ਨਹੀਂ ਟੁੱਟਦੀ।
.
ਹੁਣ ਮੇਰੇ ਕੋਮਲ ਜਜ਼ਬੇ-
ਸੱਜਰੇ ਫੁੱਲਾਂ ਦੀ ਰੰਗਤ ਜਿਹੇ
ਉਨ੍ਹਾਂ ਦੀ ਸੁਗੰਧਿਤ ਜਿਹੇ
ਤੇਰੀ ਮਾਰੂਥਲ ਚੁੱਪ ਨੂੰ ਤੋੜਨੋਂ ਅਸਮਰਥ ਹੋ ਗਏ ਹਨ-
ਫਿਰ ਵੀ ਆਪਣੀ ਜ਼ਿੰਦਗੀ ਦੀਆਂ ਕੌੜੀਆਂ ਸਚਾਈਆਂ
ਤੇ ਤਲਖ਼ ਹਕੀਕਤਾਂ ਦੇ ਸੱਚ ਨੂੰ ਕਸ਼ੀਦ ਕੇ
ਤੇਰੇ ਭਾਵੁਕ ਚੁੱਪ ਬੁੱਲ੍ਹਾਂ ਤੇ ਤਰੌਂਕਣਾ ਚਾਹੁੰਦਾ ਹਾਂ।
ਸ਼ਾਇਦ ਚੁੱਪ ਹਰੀ ਹੋ ਜਾਵੇ।
ਸਕਾਰਾਤਮਿਕ ਹੋ ਜਾਵੇ।
.
ਚਲੋ,ਇਹ ਮੇਰਾ ਇੱਕ ਵਹਿਮ ਹੀ ਸਹੀ-
ਇਸ ਬਹਾਨੇ
ਤੇਰੀ ਚੁੱਪ ਦੀ ਇਬਾਦਤ ਹੀ ਹੋ ਜਾਵੇਗੀ।
-0-
-ਸੁਰਜੀਤ ਸਿੰਘ ਭੁੱਲਰ

10-09-2015/16
ਨੋਟ : ਇਹ ਪੋਸਟ ਹੁਣ ਤੱਕ 83 ਵਾਰ ਪੜ੍ਹੀ ਗਈ