ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

8 Jul 2016

ਬਾਬਾ ਤਾਂਗੇ ਵਾਲਾ


ਅੱਜ ਸਾਡੇ ਨਾਲ ਇੱਕ ਨਵਾਂ ਨਾਂ ਆ ਜੁੜਿਆ ਹੈ -ਫਲੇਲ ਸਿੰਘ ਸਿੱਧੂ। ਆਪ ਪਿੰਡ ਸੰਗਤ ਖੁਰਦ ਤਹਿਸੀਲ ਤਲਵੰਡੀ ਸਾਬੋ ਤੋਂ ਹਨ ਤੇ ਅੱਜਕੱਲ ਪਟਿਆਲਾ ਨਿਵਾਸ ਕਰਦੇ ਹਨ।ਆਪ ਸਰਕਾਰੀ ਐਲੀਮੈਂਟਰੀ ਸਕੂਲ ਅਲੰਮਦੀਪੁਰ ਵਿਖੇ ਸੇਵਾ ਨਿਭਾ ਰਹੇ ਹਨ ਤੇ ਸਾਹਿਤ ਨਾਲ ਜੁੜੇ ਹੋਏ ਹਨ। ਸਫ਼ਰਸਾਂਝ 'ਤੇ ਆਪ ਜੀ ਦਾ ਨਿੱਘਾ ਸੁਆਗਤ ਹੈ। 



****************************************

ਨਾਂ ਤਾਂ ਉਸ ਦਾ ਬਚਨ ਸਿਉਂ ਸੀ|ਪਿੰਡ ਦੇ ਨਿਆਣਿਆਂ ਤੋਂ ਲੈ ਕੇ ਸਿਆਣਿਆਂ ਤੱਕ ਸਾਰੇ ਉਸ ਨੂੰ ਬਾਬਾ ਤਾਂਗੇ ਵਾਲਾ ਹੀ ਕਹਿੰਦੇ ਸਨ|ਸੜਕ ਤਾਂ ਬਣ ਗਈ ਸੀ ਪਰ ਪਿੰਡ ਨੂੰ ਕੋਈ ਬੱਸ ਨਹੀਂ ਸੀ ਜਾਂਦੀ ਜਦੋਂ ਬਚਨ ਸਿਉਂ ਨੇ ਤਾਂਗਾ ਪਾਇਆ|ਦੇਖਾ-ਦੇਖੀ ਭਾਵੇਂ ਦੋ ਤਾਂਗੇ ਹੋਰ ਵੀ ਪੈ ਗਏ ਸਨ ਪਰ ਲੰਮੀ ਦੌੜ ਦੇ ਘੋੜੇ ਵਾਂਗ ਸਫਲ ਬਾਬਾ ਬਚਨਾ ਹੀ ਹੋਇਆ|ਸਤਨਾਮ ਨੇ ਘੜੂਕਾ ਵੇਚ ਕੇ ਤਾਂਗਾ ਪਾ ਲਿਆ|ਉਸ ਦੀ ਘੋੜੀ ਬੜੀ ਤੇਜ ਦੌੜਦੀ ਸੀ|ਸੱਥ ਚ ਗੱਲਾਂ ਹੁੰਦੀਆਂ|ਇੱਕ ਦਿਨ ਤਾਂ ਪੁਲ ਦੀ ਢਾਲ ਚ ਬਰੇਕ ਹੀ ਨਾ ਲੱਗੇ ਸਵਾਰੀਆਂ ਛੱਪੜ ਚ ਤਰਦੀਆਂ ਫਿਰਨ| ਫੇਰ ਰੀਸੋ -ਰੀਸ ਚਾਨਣ ਨੇ ਇਹ ਕੰਮ ਸੁਰੂ ਕਰ ਲਿਆ|ਪਰ ਉਹਦੀ ਘੋੜੀ ਰੁੱਸੀ ਜਨਾਨੀ ਵਾਂਗੂ ਜਦੋਂ ਜੀ ਕਰੇ ਪੈਰ ਗੱਡ ਕੇ ਖੜ ਜਾਇਆ ਕਰੇ|ਲੋਕ ਕਹਿਣ ਇਹ ਦਿਗਾੜੇ ਆਲੀ ਆ|ਇੱਕ ਦਿਨ ਤਾਂ ਰਾਤ ਨੂੰ ਉਸ ਨੇ ਸਾਰੇ ਪਿੰਡ ਦੀ ਭੰਮੀਰੀ ਬਣਾਤੀ ਅਜਿਹੀ ਭ਼ੱਜੀ ਕਿ ਪਿੰਡ ਚ ਲਾ-ਲਾ ਹੋਗੀ, ਭੱਜ ਲਓ ਓ ਚਾਨਣ ਦੀ ਘੋੜੀ ਆ ਗਈ| ਖੈਰ ਆਪਾਂ ਗੱਲ ਬਾਬੇ ਬਚਨ ਸਿਉਂ ਦੀ ਕਰ ਰਹੇ ਸੀ| ਇੱਕ ਗੱਲ ਉਸ ਲਈ ਵੀ ਬੜੀ ਮਸ਼ਹੂਰ ਐ| ਜਦੋ ਬਾਬੇ ਨੇ ਤਾਂਗਾ ਭਰ ਕੇ ਚੱਲਣਾ ਰਸਤੇ ਚ ਉਸ ਕਹਿਣਾ ਭਾਈ ਸਾਬ! ਥੋੜਾ ਜਿਹਾ ਪਿੱਛੇ ਨੂੰ ਭਾਰ ਦਿਉ ਤਾਂਗਾ ਦਾਬੂ ਐ| ਸਵਾਰੀਆਂ ਨੇ ਹਿਲ-ਜੁਲ ਜਿਹੀ ਕਰਨੀ, ਬਾਬੇ ਨੇ ਝੱਟ ਕਹਿਣਾ ਦੁਰ ਫਿਟੇ ਮੂੰਹ, ਸਾਰਾ ਹੀ ਭਾਰ ਪਿੱਛੇ ਨੂੰ ਕਰਤਾ ਤਾਂਗਾ ਉਲਾਰ ਹੋ ਗਿਆ| ਇਸ ਤਰਾਂ ਉਸ ਤਾਂਗਾ ਦਾਬੂ ਐ, ਤਾਂਗਾ ਉਲਾਰ ਐ ਕਰਦੇ ਰਹਿਣਾ| ਬਾਬੇ ਦੇ ਮੂੰਹੋ ਨਿਕਲੀ ਗੱਲ ਪਿੰਡ ਚ ਮੁਹਾਵਰਾ ਬਣ ਗਈ|ਜਦੋਂ ਪਿੰਡ ਚ ਕਿਸੇ ਘਰ ਦੀ ਕਬੀਲਦਾਰੀ ਦਾ ਕੋਈ ਮੂੰਹ ਸਿਰ ਨਾ ਹੋਣਾ ਤਾਂ ਪਿੰਡ ਵਾਲਿਆਂ ਕਹਿਣਾ, ਲਓ ਵੀ ਫਲਾਣਿਆਂ ਦਾ ਹਾਲ ਤਾਂ ਬਚਨੇ ਦੇ ਤਾਂਗੇ ਵਾਲਾ ਹੋ ਗਿਆ|

ਫਲੇਲ ਸਿੰਘ ਸਿੱਧੂ 

(ਪਟਿਆਲਾ )

ਨੋਟ : ਇਹ ਪੋਸਟ ਹੁਣ ਤੱਕ 109 ਵਾਰ ਪੜ੍ਹੀ ਗਈ




5 comments:

  1. ਸਭ ਤੋਂ ਪਹਿਲਾਂ ਤਾਂ ਆਪ ਜੀ ਦਾ ਨਿੱਘਾ ਸੁਆਗਤੇ ਕਰਦੇ ਹਾਂ।
    ਆਪ ਦੀ ਲਿਖਤ ਮੈਨੂੰ ਮੇਰੇ ਪਿੰਡ ਲੈ ਗਈ। ਤਾਂਗੇ ਦੀ ਸਵਾਰੀ ਕਰਾਉਣ ਤੇ ਬਾਬੇ ਬਚਨੇ ਨੂੰ ਮਿਲਵਾਉਣ ਲਈ । ਭੁੱਲੇ ਵਿਸਰੇ ਸ਼ਬਦ ਘੜੂਕਾ, ਭੰਮੀਰੀ ਆਦਿ ਚੇਤੇ ਆ ਗਏ। ਤਾਂਗੇ ਦਾ ਕਦੇ ਦਾਬੂ ਤੇ ਕਦੇ ਉਲਾਰ ਹੋਣਾ ਅੱਖਾਂ ਸਾਹਮਣੇ ਚੱਲਦਾ ਚਿੱਤਰ ਪੇਸ਼ ਕਰ ਗਿਆ। ਵਧੀਆ ਲਿਖਤ ਨਾਲ ਸਾਂਝ ਪਾਉਣ ਲਈ ਆਪ ਵਧਾਈ ਦੇ ਪਾਤਰ ਹੋ। ਇਸੇ ਤਰਾਂ ਰਾਬਤਾ ਬਣਾਈ ਰੱਖਣਾ ਤੇ ਸਾਂਝ ਪਾਉਂਦੇ ਰਹਿਣਾ ਜੀ।

    ReplyDelete
  2. ਬਾਬਾ ਤਾਂਗੇ ਵਾਲਾ ਨੇ ਡਰ ਡਰ ਕੇ ਕੀਤੀ ਤਾਂਗੇ ਦੀ ਸਵਾਰੀ ਯਾਦ ਕਰਾ ਦਿੱਤੀ । ਤਾਂਗਾ ਕਦੇ ਉਲਾਰ ਹੋ ਜਾਵੇ ਕਦੇ ਦਾਬੂ । ਇਹ ਸ਼ਬਦ ਮੁੜ ਤਾਂਗੇ ਦਾ ਸਫਰ ਨਾ ਕਰਨ ਦੀ ਤੌਬਾ ਕਰਾ ਦਿਂਦੇ ਮਜਬੂਰੀ ਨੂੰ ਤਾਂਗੇ ਦੀ ਸਵਾਰੀ ਕਰਨੀ ਪੈਂਦੀ ।ਵਧੀਆ ਮਨਰੰਜਕ ਲਿਖਤ ਹੈ ।ਮੁਵਾਰਕ ਕਬੂਲੋ ਸਿੱਧੂ ਜੀ ।

    ReplyDelete
  3. ਬਹੁਤ -ਬਹੁਤ ਧੰਨਵਾਦ ਜੀ !

    ReplyDelete
  4. ਬੀਤੇ ਸਮੇਂ ਨਾਲ ਜੁੜੀ ਬੜੀ ਰੋਚਕ ਰਚਨਾ | ਟਾਂਗਾ ਜੋ ਆਪਣੇ ਅੰਦਰ ਸੈਂਕੜੇ ਕਹਾਣੀਆਂ ਲੁਕਾ ਬੈਠਾ ਹੈ , ਹੋਰ ਵੋ ਲੇਖਕ ਇਸ ਬਾਰੇ ਲਿਖਣ ਦਾ ਯਤਨ ਕਰਣ ਅਤੇ ਇਸਤਰਾਂ ਬੀਤੇ ਸਮੇਂ ਦੀ ਇਕ ਸ਼ਾਨਦਾਰ ਸਵਾਰੀ ਨਾਲ ਜੁੜਣ ਦਾ ਆਪਣਾ ਹੀ ਰੋਮਾਂਸ ਪੈਦਾ ਹੋਵੇ ਗਾ |

    ReplyDelete
  5. ਸ:ਫਲੈਲ ਸਿੰਘ ਸਿੱਧੂ ਜੀ ਦਾ ਸਾਹਿੱਤਿਕ (ਹਾਇਬਨ) ਸਫ਼ਰ, 'ਬਾਬਾ ਤਾਂਗੇ ਵਾਲਾ' ਦੇ 'ਸਫ਼ਰ ਸਾਂਝ' ਨਾਲ ਸ਼ੁਰੂ ਹੋਇਆ ਹੈ ਜੋ ਬੜੀ ਖ਼ੁਸ਼ੀ ਦੀ ਗੱਲ ਹੈ। ਮੈਂ ਆਪਣੇ ਵੱਲੋਂ ਉਨ੍ਹਾਂ ਦਾ ਸਵਾਗਤ ਕਰਦਾ ਹਾਂ।

    ਤਾਂਗੇ ਵਾਲੇ ਦੇ ਕਿੱਤੇ ਅਤੇ ਉਸ ਦੇ ਜੀਵਨ ਨੂੰ ਬਹੁਤ ਸੁਹਣੇ ਢੰਗ ਨਾ ਚਿਤਰਿਆ ਹੈ,ਜੋ ਚੰਗਾ ਲੱਗਿਆ।

    ਇਸ ਹਾਇਬਨ ਨੂੰ ਪੜ੍ਹਦਿਆਂ ਮੈ ਵੀ ਆਪਣੇ ਬਚਪਨ ਦੇ ਦਿਨਾਂ ਦੀਆਂ ਤਾਂਗੇ ਦੀ ਸਵਾਰੀ ਕਰਨ ਵਾਲੀਆ ਯਾਦਾਂ 'ਚ ਗੁੰਮ ਹੋ ਗਿਆ ਸੀ,ਜੋ ਅੱਜ ਵੀ ਅਨੰਦ ਮਈ ਲੱਗਦੀਆਂ ਹਨ।
    ਸ:ਫਲੈਲ ਸਿੰਘ ਸਿੱਧੂ ਜੀ ਤੋਂ ਆਸ ਰੱਖਦਾ ਹਾਂ ਕਿ ਉਹ ਅਜਿਹੀਆਂ ਮੌਲਿਕ ਅਤੇ ਰੋਚਕ ਭਰਪੂਰ ਲਿਖਤਾਂ "ਸਫ਼ਰ ਸਾਂਝ" ਦੇ ਪਾਠਕਾਂ ਨਾਲ ਸਾਂਝੀਆਂ ਕਰਦੇ ਰਹਿਣਗੇ। - ਸੁਰਜੀਤ ਸਿੰਘ ਭੁੱਲਰ---08-07-2016

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ