ਬਾਲਕੋਨੀ 'ਚ ਲਾਏ ਫੁੱਲਾਂ ਨੂੰ ਪਾਣੀ ਦੇਣ ਦੇ ਬਹਾਨੇ ਮੈਂ ਸਵੇਰੇ ਛੇਤੀ ਹੀ ਉੱਠ ਖਲੋਂਦੀ ਹਾਂ। ਧੁੰਦਲਕੇ ਜਿਹੇ 'ਚ ਹੀ ਮੈਂ ਜਦੋਂ ਪਾਣੀ ਦੇ ਰਹੀ ਸੀ ਤਾਂ ਸਾਹਮਣੇ ਸੜਕ 'ਤੇ ਆਉਣ ਜਾਣ ਵਾਲੇ ਇੱਕ ਪਲ ਲਈ ਰੁਕ ਕੇ ਕੁਝ ਦੇਖਦੇ ਤੇ ਫਿਰ ਤੁਰ ਜਾਂਦੇ। ਧਿਆਨ ਨਾਲ ਦੇਖੇ ਤੋਂ ਪਤਾ ਲੱਗਾ ਕਿ ਕੋਈ ਸਾਹਮਣੇ ਝਾੜੀਆਂ 'ਚ ਡਿੱਗਿਆ ਪਿਆ ਸੀ। ਦੂਰੋਂ ਉਮਰ ਤੇ ਲਿੰਗ ਦਾ ਅੰਦਾਜ਼ਾ ਲਾਉਣਾ ਮੁਸ਼ਿਕਲ ਸੀ। ਕੁਝ ਦੇਰ ਖੜ੍ਹੀ ਮੈਂ ਉਸ ਤਨ ਦੇ ਹਿੱਲਣ ਦੀ ਉਡੀਕ ਕਰਦੀ ਰਹੀ। ਪਰ ਉਹ ਤਾਂ ਜਿਵੇਂ ਕਿਸੇ ਗੂੜ੍ਹੀ ਨੀਂਦ ਦਾ ਅਨੰਦ ਲੈ ਰਿਹਾ ਸੀ। ਸ਼ਾਇਦ ਇਸੇ ਕਰਕੇ ਕਿਸੇ ਨੇ ਉਸ ਨੂੰ ਜਗਾਉਣਾ ਵੀ ਉਚਿਤ ਨਹੀਂ ਸਮਝਿਆ ਹੋਣਾ। ਲੋਕਾਂ ਨੂੰ ਲੱਗਦਾ ਹੋਵੇਗਾ ਕਿ ਉਸ ਨੇ ਜ਼ਿਆਦਾ ਸ਼ਰਾਬ ਪੀ ਲਈ ਹੋਣੀ ਹੈ। ਸ਼ਾਇਦ ਇਸੇ ਕਰਕੇ ਹਰ ਕੋਈ ਉਸ ਨੂੰ ਦੇਖ ਕੇ ਅੱਗੇ ਲੰਘ ਜਾਂਦਾ ਹੋਵੇਗਾ।ਇਹਨਾਂ ਸੋਚਾਂ 'ਚ ਮੇਰਾ ਮਨ ਸਵਾਲਾਂ 'ਚ ਉਲਝ ਕੇ ਰਹਿ ਗਿਆ। ਕਿਤੇ ਉਹ ਮਰ ਤਾਂ ਨਹੀਂ ਗਿਆ ਹੋਵੇਗਾ ? ਨਹੀਂ , ਨਹੀਂ ਅਜਿਹਾ ਨਹੀਂ ਹੈ। ਹੁਣ ਤੱਕ ਪੁਲਿਸ ਨੇ ਲਾਲ -ਸਫੈਦ ਰੰਗ ਦੇ ਫੀਤੀਆਂ ਨਾਲ ਘੇਰਾਬੰਦੀ ਕਰ ਦੇਣੀ ਸੀ। ਪੁਲਿਸ ਦੀਆਂ ਗੱਡੀਆਂ ਦੀ ਗੂੰਜ ਨੇ ਸਭ ਨੂੰ ਜਗਾ ਦੇਣਾ ਸੀ। ਪਰ ਇੱਥੇ ਤਾਂ ਸਾਰੇ ਹੁਣ ਤੱਕ ਗੂੜ੍ਹੀ ਨੀਂਦ ਸੁੱਤੇ ਪਏ ਨੇ। ਅੱਜ ਐਤਵਾਰ ਵੀ ਤਾਂ ਹੈ।
ਮੇਰੇ ਮਨ 'ਚ ਖਿਆਲਾਂ ਨੇ ਫਿਰ ਸ਼ੋਰ ਪਾਉਣਾ ਸ਼ੁਰੂ ਕਰ ਦਿੱਤਾ। ਹੋ ਸਕਦਾ ਕਿਸੇ ਨਾਲ ਝਗੜਾ ਹੋ ਗਿਆ ਹੋਵੇ ਤੇ ਉਸ ਨੇ ਧੱਕਾ ਦੇ ਕੇ ਇੱਥੇ ਝਾੜੀਆਂ 'ਚ ਸੁੱਟ ਦਿੱਤਾ ਹੋਵੇ। ਲੁੱਟਾਂ ਖੋਹਾਂ ਕਰਨ ਵਾਲੇ ਇਸ ਤਰ੍ਹਾਂ ਹੀ ਕਰਦੇ ਨੇ। ਲੇਕਿਨ ਇਹ ਕਦੋਂ ਹੋਇਆ ਹੋਵੇਗਾ ? ਕਿਸੇ ਦੇ ਚੀਕਣ -ਚਿਲਾਉਣ ਦੀ ਕੋਈ ਆਵਾਜ਼ ਵੀ ਤਾਂ ਸੁਣਾਈ ਨਹੀਂ ਦਿੱਤੀ। ਪਰ ਇੱਥੇ ਕਿਸੇ ਦੀ ਕੌਣ ਪ੍ਰਵਾਹ ਕਰਦਾ ਹੈ ? ਪਿੱਛੇ ਜਿਹੇ ਕੋਈ ਕਿਸੇ ਦਾ ਨਾਮ ਲੈ ਲੈ ਕੇ ਬੁਲਾ ਰਿਹਾ ਸੀ ਤੇ ਉਸ ਦੇ ਪਿੱਛੇ ਤੇਜ਼ ਕਦਮਾਂ ਦੀਆਂ ਅਵਾਜ਼ਾਂ ਜਿਵੇਂ ਕਿਸੇ ਦੀ ਮਾਰ ਕੁਟਾਈ ਕਰਨ ਦੀ ਬੇਤਾਬੀ ਦੀ ਸੂਚਨਾ ਦੇ ਰਹੀਆਂ ਹੋਣ । ਪਰ ਕਿਸੇ ਨੇ ਬਾਹਰ ਝਾਕ ਕੇ ਵੀ ਨਹੀਂ ਦੇਖਿਆ ਕਿ ਕੀ ਹੋ ਰਿਹਾ ਹੈ ਤੇ ਕਿਉਂ ? ਕੋਈ ਕਿਸੇ ਦੇ 'ਜੀਵਨ ਚ ਦਖਲ ਅੰਦਾਜ਼ੀ ਨਹੀਂ ਕਰਦਾ। ਸਭ ਆਪਣਾ ਜੀਵਨ ਆਪਣੇ ਢੰਗ ਨਾਲ ਹੀ ਜਿਉਂਣ 'ਚ ਮਸਤ ਨੇ।
ਮੈਂ ਬਾਲਕੋਨੀ 'ਚ ਖੜ੍ਹੀ ਦੇਖਦੀ ਰਹੀ। ਸਾਹਮਣੇ ਸਕੂਲ ਹੈ ਤੇ ਨਾਲ ਹੀ ਇੱਕ ਤਿਕੋਣੀ ਜਿਹੀ ਜਗ੍ਹਾ ਖਾਲੀ ਹੈ। ਨਾਲ ਇੱਕ ਸੜਕ ਹੈ ਜੋ ਦਿਨ ਰਾਤ ਖੁੱਲ੍ਹੇ ਰਹਿਣ ਵਾਲੇ ਸ਼ਾਪਿੰਗ ਸੈਂਟਰ ਨੂੰ ਜਾਂਦੀ ਹੈ। ਮੈਂ ਅਜੇ ਵੀ ਉਸ ਬੇਹੋਸ਼ ਪਏ ਬਾਰੇ ਸੋਚੀ ਜਾ ਰਹੀ ਸੀ। ਸ਼ਾਇਦ ਕੋਈ ਡਰਿੰਕ ਵਗੈਰਾ ਜ਼ਿਆਦਾ ਪੀ ਕੇ ਲੁੜਕ ਗਿਆ ਹੋਵੇਗਾ। ਇਸ ਦੇਸ਼ 'ਚ ਬੱਚਿਆਂ ਨੂੰ ਦਿੱਤੀ ਖੁੱਲ੍ਹ ਤੇ ਆਜ਼ਾਦੀ ਉਹਨਾਂ ਨੂੰ ਬਿਗਾੜਦੀ ਵੀ ਹੈ ਤੇ ਲਾਪਰਵਾਹ ਵੀ ਬਣਾ ਦਿੰਦੀ ਹੈ। ਆਪਣੀ ਹੀ ਉਹਨਾਂ ਨੂੰ ਚਿੰਤਾ ਨਹੀਂ ਹੋਰਾਂ ਦੀ ਕੀ ਹੋਵੇਗੀ ?ਦਖਲ ਅੰਦਾਜ਼ੀ ਇੱਥੇ ਕਿਸੇ ਨੂੰ ਪਸੰਦ ਨਹੀਂ। ਕੁਦਰਤ ਦੀ ਕਿਰਪਾ ਹੀ ਸਮਝੋ ਕਿ ਅਜੇ ਤੱਕ ਸੂਰਜ ਦੇਵਤਾ ਆਪਣੀਆਂ ਕਿਰਨਾਂ ਦਾ ਰੱਥ ਲੈ ਕੇ ਪ੍ਰਗਟ ਨਹੀਂ ਹੋਏ। ਹੁਣ ਅਸਮਾਨ 'ਚ ਹਲਕੀ ਲਾਲੀ ਨਜ਼ਰ ਆਉਣ ਲੱਗੀ ਹੈ। ਕੈਸਾ ਇਨਸਾਨ ਹੈ ਉੱਠ ਕਿਉਂ ਨਹੀਂ ਰਿਹਾ। ਕੋਈ ਉਸ ਨੂੰ ਉੱਠਾ ਕਿਉਂ ਨਹੀਂ ਰਿਹਾ। ਮੈਂ ਆਪਣੇ ਸੁਆਲਾਂ ਦਾ ਖੁਦ ਹੀ ਜਵਾਬ ਦੇ ਲੈਂਦੀ। ਇੱਥੋਂ ਦੇ ਸਖਤ ਕਾਨੂੰਨ ਨੂੰ ਕੋਈ ਆਪਣੇ ਹੱਥ 'ਚ ਸ਼ਾਇਦ ਲੈਣਾ ਵੀ ਨਹੀਂ ਚਾਹੁੰਦਾ ਹੋਵੇਗਾ।
ਫੁੱਲਾਂ ਨੂੰ ਪਾਣੀ ਦੇ ਕੇ ਮੈਂ ਆਪਣੇ ਹੋਰ ਕੰਮਾਂ 'ਚ ਰੁਝ ਗਈ। ਕੁਝ ਦੇਰ ਬਾਦ ਬਾਹਰ ਆਈ ਤਾਂ ਉੱਥੇ ਕੋਈ ਨਹੀਂ ਸੀ। ਕਿ ਉਹ ਮੇਰੀਆਂ ਅੱਖਾਂ ਦਾ ਭਰਮ ਸੀ ? ਨਹੀਂ , ਉੱਥੇ ਝਾੜੀਆਂ ਹੁਣ ਤੱਕ ਮੁਚੜੀਆਂ ਪਈਆਂ ਹਨ। ਸੱਚੀ ਹੀ ਉੱਥੇ ਕੋਈ ਸੀ। ਕਿਹੋ ਜਿਹੇ ਲੋਕ ਨੇ ਇੱਥੇ ? ਨਾ ਆਪਣੀ ਪ੍ਰਵਾਹ ਹੈ ਨਾ ਆਪਣੇ ਬੱਚਿਆਂ ਦੀ। ਮੈਂ ਇੱਥੋਂ ਦੇ ਸਮਾਜ ਨੂੰ ਦੋਸ਼ੀ ਕਹਿੰਦੀ ਅੰਦਰ ਆ ਗਈ। ਸਾਡੀ ਯੁਵਾ ਪੀੜ੍ਹੀ ਵੀ ਤਾਰੀਫ ਦੇ ਲਾਇਕ ਕਿੱਥੇ ਹੈ ?ਜਦ ਸਾਰੇ ਸੰਸਾਰ ਦੇ ਬੱਚਿਆਂ ਲਈ ਨਸ਼ਾ ਹੀ ਜੀਵਨ ਦਾ ਅਨੰਦ ਹੋਵੇ ਤਾਂ ਕੋਈ ਕੀ ਕਰ ਸਕਦਾ ਹੈ ?
ਬਾਲਕੋਨੀ 'ਚ
ਮੁਰਝਾਇਆ ਫੁੱਲ
ਬਿਨ ਪਾਣੀ ਤੋਂ ।
ਕਮਲਾ ਘਟਾਔਰਾ
ਯੂ . ਕੇ .
ਹਿੰਦੀ ਤੋਂ ਅਨੁਵਾਦ : ਡਾ . ਹਰਦੀਪ ਕੌਰ ਸੰਧੂ
ਨੋਟ : ਇਹ ਪੋਸਟ ਹੁਣ ਤੱਕ 73 ਵਾਰ ਪੜ੍ਹੀ ਗਈ।