ਦੁੱਖ-ਸੁੱਖ ਦੇ ਘੇਰੇ 'ਚ ਘੁੰਮਦੀ ਜ਼ਿੰਦਗੀ 'ਚ ਜਦੋਂ ਅਣਹੋਣੀ ਦੁੱਖ ਬਣ ਸਾਡੇ ਅੱਗੇ ਆ ਖਲੋਂਦੀ ਹੈ ਤਾਂ ਦਰਦ ਦਾ ਘੇਰਾ ਹੋਰ ਵੱਡੇਰਾ ਹੋ ਜਾਂਦਾ ਹੈ। ਪੀੜਾਂ ਦੇ ਸਾਜ਼ ਗੂੰਜਦੇ ਨੇ, ਦਿਲ ਦੇ ਵਿਹੜੇ ਗਮਾਂ ਦਾ ਸੱਥਰ ਵਿਛ ਜਾਂਦਾ ਹੈ। ਰਿਸ਼ਤਿਆਂ ਦੀਆਂ ਸਾਂਝਾਂ ਨੂੰ ਜਦੋਂ ਕੋਈ ਅੱਧਵਾਟੇ ਛੱਡ, ਬੇਵਕਤੇ ਸੱਦੇ ਨੂੰ ਕਬੂਲਦਾ ਸਾਡੇ ਕੋਲੋਂ ਸਦਾ ਲਈ ਵਿਛੜ ਜਾਂਦਾ ਹੈ ਤਾਂ ਜ਼ਿੰਦਗੀ ਨੀਰਸ ਬਣ ਜਾਂਦੀ ਹੈ। ਅਜਿਹੀ ਹੀ ਦੁੱਖ ਘੜੀ ਸਾਡੇ ਇੱਕ ਸਾਥੀ ਬਾਜਵਾ ਸੁਖਵਿੰਦਰ ਦੇ ਵਿਹੜੇ ਆ ਢੁੱਕੀ ਹੈ ਜਦੋਂ 29 ਦਸੰਬਰ 2013 ਨੂੰ ਆਪ ਦੇ ਛੋਟੇ ਵੀਰ ਨੂੰ ਇੱਕ ਸੜਕ ਹਾਦਸੇ 'ਚ ਮੌਤ ਨੇ ਆਪਣੀ ਗਲਵਕੜੀ 'ਚ ਲੈ ਲਿਆ। ਹਾਇਕੁ-ਲੋਕ ਪਰਿਵਾਰ ਵਲੋਂ ਮੈਂ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰ ਰਹੀ ਹਾਂ।
1.
ਟੁੱਟਿਆ ਤਾਰਾ
ਹਨ੍ਹੇਰੇ 'ਚ ਵਲ੍ਹੇਟੀ
ਰੋਈ ਜ਼ਿੰਦਗੀ
ਕਾਲ਼ੇ ਸ਼ਾਹ ਹਨ੍ਹੇਰੇ
ਰੋਕਣ ਹਰ ਰਾਹ।
2.
ਧਾਹੀਂ ਰੋਂਵਦਾ
ਭਰ-ਭਰ ਡੋਲ੍ਹਦਾ
ਖੂਨ ਦੇ ਹੰਝੂ
ਛੋਹੇ ਵੈਣ ਗਮਾਂ ਦੇ
ਲੱਗ ਵੀਰ ਦੇ ਕਾਨ੍ਹੀ।
ਡਾ. ਹਰਦੀਪ ਕੌਰ ਸੰਧੂ
(ਨੋਟ: ਇਹ ਪੋਸਟ ਹੁਣ ਤੱਕ 60 ਵਾਰ ਪੜ੍ਹੀ ਗਈ)