ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

30 Jul 2013

ਸੁੰਨੀ ਹੈ ਭੱਠੀ

1.
ਚੜ੍ਹੇ ਸਾਉਣ
ਪੈਂਦੀ ਹੈ ਬਰਸਾਤ
ਪੱਕਣ ਪੂੜੇ।

2.
ਸੁੰਨੀ ਹੈ ਭੱਠੀ
ਭੁੰਨਾਉਣ ਨਾ ਦਾਣੇ
ਨਵੇਂ ਜ਼ਮਾਨੇ।

3.
ਦੌੜਦੀ ਵੈਨ
ਸਕੂਲੇ ਜਾਣ ਬੱਚੇ
ਕੱਲ ਦੇ ਨੇਤਾ।

4.
ਲੱਗੀ ਕੋਰਟ
ਪੈਂਦੀਆਂ ਨੇ ਤਰੀਕਾਂ
ਨਾ ਮਿਲੇ ਨਿਆਂ ।

ਜਗਦੀਸ਼ ਰਾਏ ਕੁਲਰੀਆਂ
(ਬਰੇਟਾ-ਮਾਨਸਾ) 
(ਨੋਟ: ਇਹ ਪੋਸਟ ਹੁਣ ਤੱਕ 46 ਵਾਰ ਖੋਲ੍ਹ ਕੇ ਪੜ੍ਹੀ ਗਈ)

28 Jul 2013

ਮਾਹੀ ਮਿਲ਼ਾ ਦੇ

1. 
ਪੀਂਘਾਂ ਪਈਆਂ 
ਵੇ ਝੂਟਾ ਕੋਣ ਦੇਵੇ  
ਮਾਹੀ ਨਾ ਨੇੜੇ।

2.
ਕੋਇਲ ਕੂਕੇ 
ਬੱਦਲਾਂ ਦੀਆਂ ਡਾਰਾਂ  
ਮਾਹੀ ਮਿਲ਼ਾ ਦੇ।

3.
'ਵਾਜ਼ਾਂ ਮਾਰਦੀ
ਬੀਤ ਗਿਆ ਸਾਵਣ
ਫੇਰਾ ਪਾ ਮਾਹੀ।

ਡਾ. ਸ਼ਿਆਮ ਸੁੰਦਰ ਦੀਪਤੀ
(ਅੰਮ੍ਰਿਤਸਰ) 

26 Jul 2013

ਪੁੰਨਿਆ ਚੰਨ

1.
ਬਿਰਹਾ ਨਾਗ-
ਕੱਪ ਕੰਢੇ ਛਪਿਆ
ਸੁਰਖੀ ਚਿੰਨ੍ਹ  ।

2.
ਪੁੰਨਿਆ ਚੰਨ
ਰੁਸ਼ਨਾ ਰਿਹਾ ਮੁੱਖ
ਸੱਚੀ ਮਾਇਆ ।

3.
ਹੰਝੂ ਰਸਣ
ਲੋਕ ਪੁੱਛ ਕਸਣ
ਸਜਣ ਪਰਾਂ । 

ਦਲਵੀਰ ਗਿੱਲ 
( ਕਨੇਡਾ )

22 Jul 2013

ਮੁਥਾਜ ਹਾਂ ਮੈਂ

ਮਾਂ ਕਿੱਥੇ ਗਈ
ਤੂੰ ਚੁੱਪ-ਚੁਪੀਤੇ ਹੀ
ਜੇ ਜਾਣਾ ਹੀ ਸੀ 
ਠਿਕਾਣਾ ਦੱਸ ਜਾਂਦੀ
ਮੁਥਾਜ ਹਾਂ ਮੈਂ 
ਮੈਂ ਤੇਰੇ ਸਾਥ ਬਿਨਾਂ।
ਤੇਰਾ ਆਲ੍ਹਣਾ
ਹੁਣ ਆਪਣਾ ਨਹੀਂ
ਬੁੱਢਾ ਬਾਪ ਵੀ
ਪ੍ਰਾਹੁਣਾ ਲੱਗਦਾ ਹੈ
ਹਰ ਥਾਂ ਅੱਖਾਂ
ਤੈਨੂੰ ਭਾਲ਼ਦੀਆਂ ਨੇ।
ਤੇਰਾ ਚਿਹਰਾ
ਨਜ਼ਰੀਂ ਨਹੀਂ ਪੈਂਦਾ 
ਹਾਏ ਓ ਰੱਬਾ
ਕਿਉਂ ਖੋਹੰਦਾ ਏਂ ਮਾਂ
ਹੁਣ ਦੁਨੀਆਂ 
ਚੱਗੀ ਨਹੀਂ ਲੱਗਦੀ।
ਮੇਰੇ ਲਈ ਤਾਂ
ਰੱਬ ਤੇ ਮਾਂ ਇੱਕ ਸੀ
ਲੱਭਦੀ ਫਿਰਾਂ
ਅੱਜ ਰੱਬ ਤੇ ਤੈਨੂੰ 
ਗੁਆਚ ਗਏ
ਇੱਕਲਿਆਂ ਛੱਡ ਕੇ
ਜਿਗਰ ਦੇ ਟੋਟੇ ਨੂੰ ।

ਨਿਰਮਲ 'ਸਤਪਾਲ'
(ਲੁਧਿਆਣਾ)  

ਨੋਟ: ਇਹ ਪੋਸਟ ਹੁਣ ਤੱਕ 311 ਵਾਰ ਖੋਲ੍ਹ ਕੇ ਪੜ੍ਹੀ ਗਈ। 

20 Jul 2013

ਤ੍ਰਿੰਝਣ - 1

ਅੱਜ ਤੋਂ ਕਈ ਦਹਾਕੇ ਪਹਿਲਾਂ ਚਰਖਾ ਵਸਦੇ ਪੰਜਾਬ ਦੇ ਸੱਭਿਆਚਾਰ ਦੀ ਧੜਕਣ ਹੁੰਦਾ ਸੀ। ਪੰਜਾਬੀ ਔਰਤਾਂ ਲਈ ਤਾਂ ਇਹ ਰਿਸ਼ਤਾ ਰੂਹ ਤੇ ਕਲਬੂਤ ਵਾਲਾ ਸੀ। ਹੱਥੀਂ ਕੰਮ ਕੀਤੇ ਜਾਂਦੇ। ਕੁੜੀਆਂ- ਬੁੜ੍ਹੀਆਂ ਘਰਾਂ ਵਿਚ ਚਰਖੇ ਕੱਤਦੀਆਂ ਹੁੰਦੀਆਂ ਸਨ।ਪੰਜਾਬੀ ਜਨ -ਜੀਵਨ ਦਾ ਤਾਣਾ-ਬਾਣਾ ਚਰਖੇ ਦੇ ਦੁਆਲ਼ੇ ਹੀ ਘੁੰਮਦਾ ਸੀ।ਚੁੱਲ੍ਹਾ-ਚੌਂਕਾ ਨਿਬੇੜਦਿਆਂ ਹੀ ਉਹ ਚਰਖਾ ਚੁੱਕ ਤ੍ਰਿੰਞਣ ਵੱਲ ਹੋ ਤੁਰਦੀਆਂ । ਆਂਢ-ਗੁਆਂਢ ਦੀਆਂ ਕੁੜੀਆਂ ਦਾ ਇੱਕ ਥਾਂ ‘ਕੱਠੀਆਂ ਹੋ ਕੇ ਛੋਪ ਪਾ ਕੇ ਕੱਤਣ ਨੂੰ ਤ੍ਰਿੰਝਣ ਕਹਿੰਦੇ ਸਨ।
           
               ਅੱਜ ਦੀ ਪੋਸਟ 'ਚ ਓਸੇ ਤ੍ਰਿੰਝਣ ਨੂੰ ਹਾਇਕੁ ਕਾਵਿ 'ਚ ਪਰੋ ਕੇ ਹਾਇਕੁ-ਲੋਕ ਮੰਚ ਦਾ ਸ਼ਿੰਗਾਰ ਬਣਾਇਆ ਗਿਆ ਹੈ। ਸਾਰੇ ਪਾਠਕਾਂ/ਲੇਖਕਾਂ ਨੂੰ 'ਤ੍ਰਿੰਝਣ ਹਾਇਕੁ-ਜੁਗਲਬੰਦੀ' ਵਿੱਚ ਸ਼ਾਮਿਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।




 1.
ਨਿੰਮਾਂ ਦੀ ਛਾਵੇਂ 
ਤਿੱਖੜ ਦੁਪਹਿਰੇ
ਲੱਗਾ ਤ੍ਰਿੰਝਣ ।

2.
ਹੱਥ ਪੂਣੀਆਂ
ਢਾਕ ਚੱਕ ਚਰਖਾ
ਚੱਲੀ ਕੱਤਣ।

3.
ਤੱਕਲ਼ੇ ਤੰਦ
ਬੋਈਏ 'ਚ ਪੂਣੀਆਂ
ਤ੍ਰਿੰਝਣੀ -ਛੋਪ।

4.
ਬੈਠ ਤ੍ਰਿੰਝਣ
ਘੂਕਰ ਸੁਰ ਮਿਲਾ
ਕੱਤੇ ਚਰਖਾ। 

ਡਾ. ਹਰਦੀਪ ਕੌਰ ਸੰਧੂ 
(ਸਿਡਨੀ-ਬਰਨਾਲ਼ਾ)

*********************************************************************************
ਪ੍ਰੋ. ਦਵਿੰਦਰ ਕੌਰ ਸਿੱਧੂ ਨੇ 'ਤ੍ਰਿੰਝਣ ਹਾਇਕੁ-ਜੁਗਲਬੰਦੀ' ਦੇ ਸੱਦੇ ਨੂੰ ਕਬੂ਼ਲਦੇ ਹਾਇਕੁ ਸਾਂਝੇ ਕੀਤੇ।

1.
ਲੰਮੀਆਂ ਰਾਤਾਂ
ਤ੍ਰਿੰਝਣ ਦੀਆਂ ਗੱਲਾਂ
ਤਾਰਿਆਂ ਦੀ ਲੋ ।

2.
ਲੰਬੀਆਂ ਹੇਕਾਂ
ਚਰਖੇ ਵਿੱਚ ਮੇਖਾਂ
ਪੈਣੇ ਨੀ ਤੰਦ ।

3.
ਰੋਂਦੇ ਨੇ ਦੀਦੇ
ਭੁੱਲੇ ਲੋਕ ਅਕੀਦੇ
ਬੂਹੇ ਸੱਖਣੇ । 

ਪ੍ਰੋ. ਦਵਿੰਦਰ ਕੌਰ ਸਿੱਧੂ
(ਕੈਲਗਿਰੀ-ਦੌਧਰ)         
************************************************************************
ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਜੋਗਿੰਦਰ ਸਿੰਘ ਥਿੰਦ ਜੀ ਨੇ ਵੀ ਆਪਣੀਆਂ ਯਾਦਾਂ ਦੇ ਝਰੋਖੇ 'ਚੋਂ ਤ੍ਰਿੰਝਣ ਬਾਰੇ ਆਪਣੇ ਹਾਇਕੁ-ਕਾਵਿ ਨਾਲ਼ ਸਾਂਝ ਪਾਈ ।
1.
ਕੱਤਣ ਸੂਤ
ਤ੍ਰਿੰਝਣ 'ਚ ਕੁੜੀਆਂ
ਪਾਉਣ ਸਾਂਝਾਂ।
2.
ਠੱਠੇ ਕਰਨ
ਕਿੱਕਲੀਆਂ ਮਾਰਨ
ਪਾ ਲੰਮੇ ਤੰਦ।
3.
ਛਿੱਕੂ ਪੂਣੀਆਂ 
ਕੱਤ ਮੁੱਕਦੇ ਜਾਂਦੇ
ਟੁੱਟੇ ਨਾ ਤੰਦ।

ਜੋਗਿੰਦਰ ਸਿੰਘ ਥਿੰਦ
(ਸਿਡਨੀ-ਅੰਮ੍ਰਿਤਸਰ)     
******************************************************************************     

 ਰੌਣਕ ਤ੍ਰਿੰਝਣ -2 ਦੀ ਬਾਕੀ.............

ਤ੍ਰਿੰਝਣ -2

ਜਗਦੀਸ਼ ਰਾਏ ਕੁਲਰੀਆਂ ਨੇ ਵੀ ਆਪਣੇ ਹਿੱਸੇ ਦਾ ਬਣਦਾ ਯੋਗਦਾਨ ਪਾਇਆ 'ਤ੍ਰਿੰਞਣ-ਹਾਇਕੁ ਜੁਗਲਬੰਦੀ' ਵਿੱਚ-

1.
ਰਲ਼ ਕੁੜੀਆਂ 
ਕਰਨ ਦਿਲ ਸਾਂਝੇ
ਬੈਠ ਤ੍ਰਿੰਝਣ ।

2.
ਵਿੱਚ ਤ੍ਰਿੰਝਣ
ਚਰਖੇ ਦੀਆਂ ਤੰਦਾਂ
ਯਾਦਾਂ ਤੇਰੀਆਂ ।

ਜਗਦੀਸ਼ ਰਾਏ ਕੁਲਰੀਆਂ
(ਬਰੇਟਾ-ਮਾਨਸਾ)
************************************************************************************************************
ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਦਿਲਜੋਧ ਸਿੰਘ ਨੇ ਬਹੁਤ ਹੀ ਖੂਬਸੂਰਤ ਅੰਦਾਜ਼ 'ਚ ਅੱਜਕੱਲ ਲੱਗਦੇ  ਤ੍ਰਿੰਝਣ ਦੀਆਂ ਝਲਕਾਂ ਨੂੰ ਹਾਇਕੁ-ਕਾਵਿ 'ਚ ਪਰੋ ਕੇ ਸਾਡੇ ਨਾਲ਼ ਸਾਂਝਾ ਕੀਤਾ ਹੈ।

1.
ਓਹੀਓ ਨਿੰਮ 
ਪਿੰਡ ਦੇ ਮੁੰਡੇ-ਬੁੱਢੇ
ਖੇਡਣ ਤਾਸ਼। 
2.
ਨਵਾਂ ਤ੍ਰਿੰਝਣ
ਟੀ.ਵੀ. ਦੇ ਸਾਹਮਣੇ
ਕਿੱਟੀ ਪਾਰਟੀ।

ਦਿਲਜੋਧ ਸਿੰਘ 
(ਯੂ. ਐਸ. ਏ.- ਨਵੀਂ ਦਿੱਲੀ) 

19 Jul 2013

ਪ੍ਰਭਾਤ ਸਮਾਂ

ਹਾਇਕੁ-ਲੋਕ ਦੇ ਦੂਜੇ ਵਰ੍ਹੇ ਦੇ ਪਹਿਲੇ ਮਹੀਨੇ 'ਚ ਅੱਜ ਚੌਥਾ ਨਵਾਂ ਨਾਂ ਆ ਜੁੜਿਆ ਹੈ- ਮਹਿੰਦਰ ਪਾਲ ਮਿੰਦਾ । 
ਆਪ ਕਿੱਤੇ ਵਜੋਂ ਅਧਿਆਪਕ ਹਨ ਤੇ ਬਰੇਟਾ (ਮਾਨਸਾ) ਨਾਲ਼ ਸਬੰਧ ਰੱਖਦੇ ਹਨ। ਆਪ ਪੰਜਾਬੀ ਮਿੰਨੀ ਕਹਾਣੀ ਲਿਖਦੇ ਹਨ ਤੇ ਆਪ ਦੇ ਲੇਖ ਵੀ ਨਾਮੀ ਅਖ਼ਬਾਰਾਂ 'ਚ ਛਪਦੇ ਹਨ। ਅੱਜ ਆਪ ਨੇ ਪਹਿਲੀ ਵਾਰ ਹਾਇਕੁ ਲਿਖ ਕੇ ਹਾਇਕੁ-ਲੋਕ ਨਾਲ਼ ਸਾਂਝ ਪਾਈ ਹੈ। ਮੈਂ ਆਪ ਦਾ ਹਾਇਕੁ-ਲੋਕ ਪਰਿਵਾਰ ਵਲੋਂ ਨਿੱਘਾ ਸੁਆਗਤ ਕਰਦੀ ਹਾਂ। 

1.
ਰੁੱਖਾਂ ਦੀ ਭੀੜ 
ਚੱਲ ਰਹੀ ਕੁਹਾੜੀ
ਭਾਲਦੇ ਮੀਂਹ ।

2.
ਪ੍ਰਭਾਤ ਸਮਾਂ 
ਸੈਰ ਕਰਦੇ ਲੋਕ
ਜਿਓਣ- ਇੱਛਾ । 

ਮਹਿੰਦਰ ਪਾਲ ਮਿੰਦਾ 
(ਬਰੇਟਾ-ਮਾਨਸਾ) 
ਨੋਟ: ਇਹ ਪੋਸਟ ਹੁਣ ਤੱਕ 98 ਵਾਰ ਖੋਲ੍ਹ ਕੇ ਪੜ੍ਹੀ ਗਈ ।

17 Jul 2013

ਬੱਤੀ-ਮੀਨਾਰ

ਅੱਜ ਸਾਡੇ ਨਾਲ਼ ਇੱਕ ਹੋਰ ਨਵਾਂ ਨਾਂ ਆ ਜੁੜਿਆ ਹੈ- ਦਲਵੀਰ ਗਿੱਲ। ਆਪ ਪਿਛਲੇ ਕੁਝ ਅਰਸੇ ਤੋਂ ਹਾਇਕੁ ਲਿਖ ਰਹੇ ਹਨ ਤੇ ਅੱਜ ਹਾਇਕੁ-ਲੋਕ ਨਾਲ਼ ਸਾਂਝ ਪਾਈ ਹੈ। ਮੈਂ ਆਪ ਦਾ ਹਾਇਕੁ -ਲੋਕ ਮੰਚ 'ਤੇ ਸੁਆਗਤ ਕਰਦੀ ਹਾਂ। ਆਸ ਕਰਦੀ ਹਾਂ ਕਿ ਆਪ ਭਵਿੱਖ 'ਚ ਵੀ ਸਾਡੇ ਨਾਲ਼ ਇਸੇ ਤਰਾਂ ਜੁੜੇ ਰਹਿਣਗੇ। ਦਲਵੀਰ ਗਿੱਲ ਦੀ ਆਪਣੀ ਜ਼ੁਬਾਨੀ.......

"ਜ਼ਿਲਾ ਲੁਧਿਆਣਾ ਬੀ. ਐੱਸ-ਸੀ. ਕਰਨ ਤੋਂ ਬਾਅਦ ਪਟਿਆਲਾ ਤੋਂ ਥਿਏਟਰ ਅਤੇ ਟੈਲੀਵਿਯਨ ਵਿੱਚ ਐਮ. ਏ ਕੀਤੀ। ਹਾਇਕੁ ਨਾਲ ਮੇਰਾ ਵਾਹ ਪਿਆ ਡੀ. ਟੀ. ਸਜ਼ੂਕੀ ਅਤੇ ਓਸ਼ੋ ਕਾਰਣ। ਕੋਈ ਪੰਜ ਸਾਲ ਪਹਿਲਾਂ ਤੱਕ ਇਹ ਵੀ ਨਹੀਂ ਸੀ ਪਤਾ ਕਿ ਹਾਇਕੁ ਅੱਜ ਵੀ ਲਿਖਿਆ ਜਾਂਦਾ ਹੈ; ਸਮਝਦਾ ਸਾਂ ਕਿ ਇਹ ਭਗਤ-ਬਾਣੀ ਵਾਂਗ ਇੱਕ ਕਲਾਸੀਕਲ ਚੀਜ਼ ਹੈ ਸਿਰਫ਼ ਪੜ੍ਹਨ-ਗੁਣਨ ਵਾਲੀ ਚੀਜ਼। ਫੇਸਬੁੱਕ ਦੇ ਜ਼ਰੀਏ ਆਧੁਨਿਕ ਹਾਇਕੁ ਨਾਲ ਵਾਹ ਪਿਆ ਤਾਂ ਪਤਾ ਚੱਲਿਆ ਕਿ ਸਾਹਿਤ ਦੇ ਜਗਤ ਵਿੱਚ ਤਾਂ ਵਿਸ਼ਵ-ਜੰਗ ਚੱਲ ਰਹੀ ਹੈ ਹਾਇਕੁ ਨੂੰ ਲੈ ਕੇ ।ਹਾਇਕੁ ਮਹਾਰਥੀਆਂ ਦੇ ਲੇਖ ਆਦਿ ਪੜ੍ਹ ਰਿਹਾ ਹਾਂ ਕਰੀਬਨ ਤਿੰਨ ਕੁ ਸਾਲਾਂ ਤੋਂ, ਬੇਅੰਤ ਸਕੂਲ-ਆਵ-ਥਾਟ ਹਨ, ਇੱਕ-ਰਾਇ ਕੋਈ ਨਹੀਂ। ਰੂਪ ਨਾਲੋਂ ਜੋ ਰੂਹ ਨੂੰ ਵੱਧ ਮਾਣ ਦਿੰਦੇ ਹਨ ਮੇਰੇ ਦਿਲ ਦੇ ਨੇੜੇ ਹਨ। ਰਾਬਰਟ ਡੀ. ਵਿਲਸਨ ਦੀ ਥਿਓਰੀ ਜਿਆਦਾ ਸਹੀ ਲਗਦੀ ਹੈ।"



1.
ਤੇਜ਼ ਬਾਰਿਸ਼ -
ਧੋਤਾ ਗਿਆ ਗਰਦਾ
ਰੁੱਖੀਂ ਜੰਮਿਆ ।

2.
ਬੱਤੀ-ਮੀਨਾਰ
ਸਮੁੰਦਰੀ ਧੁੰਧ 'ਚ 
ਜੁਗਨੂੰ ਜਗੇ । 

3.
ਤਿੱਤਲੀ ਆਈ  
ਇੱਕਲੌਤੇ ਫੁੱਲ 'ਤੇ
ਚਿੱਤਰ ਪੂਰਾ ।

ਦਲਵੀਰ ਗਿੱਲ
(ਬਰੈਮਟਨ-ਕਨੇਡਾ)
ਨੋਟ: ਇਹ ਪੋਸਟ ਹੁਣ ਤੱਕ 96 ਵਾਰ ਖੋਲ੍ਹ ਕੇ ਪੜ੍ਹੀ ਗਈ ।

ਲੰਬੀ ਚੁੱਪੀ ਤੋਂ ਬਾਦ

ਜ਼ਿੰਦਗੀ ਦੀ ਗੱਡੀ ਨੂੰ ਚਲਾਉਂਦਿਆਂ ਅਸੀਂ ਐਨੇ ਰੁੱਝ ਜਾਂਦੇ ਹਾਂ ਕਿ ਆਪਣੇ-ਆਲ਼ੇ ਦੁਆਲੇ ਨੂੰ ਵੀ ਅਣ-ਦੇਖਿਆ ਕਰ ਛੱਡਦੇ ਹਾਂ। ਕਵੀ ਮਨ ਨੂੰ ਜਦ ਵਿਹਲ ਮਿਲਦੀ ਹੈ ਤਾਂ ਆਪਣੇ ਚੌਗਿਰਦੇ 'ਚ ਵਾਪਰਦੇ ਵਰਤਾਰਿਆਂ ਨੂੰ ਕੋਰੇ ਪੰਨਿਆਂ ਦਾ ਸ਼ਿਗਾਰ ਬਣਾਉਂਦਾ ਹੈ। ਲੰਬੀ ਚੁੱਪੀ ਤੋੜਦਿਆਂ ਸਾਡੀ ਇੱਕ ਹਾਇਕੁ ਕਲਮ ਨੇ ਸਾਡੇ ਨਾਲ਼ ਅੱਜ ਕੁਝ ਇਓਂ ਸਾਂਝ ਪਾਈ ਹੈ............

1.
ਮੀਂਹ ਵਰਸੇ
ਬੱਦਲ਼ ਲਿਸ਼ਕਣ
ਪੱਤੇ ਚਮਕੇ ।

2.
ਸਾਹ ਆਇਆ 
ਦੂਜਾ ਸਾਹ ਮੁੜਿਆ
ਵਿੱਚ ਵਿਰਾਮ।

ਨਿਰਮਲਜੀਤ ਸਿੰਘ ਬਾਜਵਾ 


16 Jul 2013

ਛੂਈ-ਮੂਈ (ਲਾਜਵੰਤੀ)

ਛੂਈ ਮੂਈ ਜਾਂ ਲਾਜਵੰਤੀ (Mimosa pudica) ਇੱਕ ਬੇਲ (ਪੌਦਾ) ਹੈ ਜਿਸਦੇ ਨਿੱਕੇ ਨਿੱਕੇ ਕੋਮਲ ਪੱਤੇ ਛੋਹ ਨਾਲ਼  ਜਾਂ ਹਿਲਾਉਣ ਸਾਰ ਕੁਮਲਾ ਜਾਂਦੇ ਹਨ ਅਤੇ ਕੁਝ ਮਿੰਟਾਂ ਬਾਅਦ ਹੀ ਦੁਬਾਰਾ ਖੁੱਲ੍ਹਣ ਲੱਗ ਪੈਂਦੇ ਹਨ। ਛੂਈ-ਮੂਈ ਨੂੰ ਅੰਗਰੇਜ਼ੀ ਵਿੱਚ 'ਟਚ ਮੀ ਨਾਟ' ਜਾਂ ਸੈਨਸੇਟਿਵ ਪਲਾਂਟ ਵੀ ਕਿਹਾ ਜਾਂਦਾ ਹੈ। ਗੁਲਾਬੀ-ਜਾਮਣੀ ਰੰਗ ਦੇ ਫੁੱਲਾਂ ਦੇ ਇਲਾਵਾ ਲੋਕ ਇਸ ਦੇ ਫਰਨ ਵਰਗੇ, ਸੰਵੇਦਨਸ਼ੀਲ ਪੱਤਿਆਂ ਨੂੰ ਵੀ ਬਹੁਤ ਪਸੰਦ ਕਰਦੇ ਹਨ




ਜਨਮੇਜਾ ਸਿੰਘ ਜੌਹਲ ਜੀ ਦਾ ਤਿਆਰ ਕੀਤਾ ਇਹ ਵੀਡੀਓ ਕਲਿੱਪ ਸਾਂਝਾ ਕਰਨ ਦੀ ਖੁਸ਼ੀ ਲੈ ਰਹੀ ਹਾਂ ਤੇ ਕੁਦਰਤ ਦੇ ਇਸ ਭਾਵ-ਭਿੰਨੇ ਵਰਤਾਰੇ ਨੂੰ ਹਾਇਕੁ-ਕਾਵਿ 'ਚ ਪਰੋਣ ਦਾ ਇੱਕ ਨਿਮਾਣਾ ਜਿਹਾ ਉਪਰਾਲਾ ਹੈ।

ਹੱਥ ਲਾਇਆ
ਮੁਰਝਾ ਗਿਆ ਬੂਟਾ
ਆਪੇ ਖਿੜਿਆ । 

ਟੱਚ ਮੀ ਨਾਟ
ਹੱਥ ਲਾ ਮੁਰਝਾਏ
ਖਿੜੇ ਦੁਬਾਰਾ ।

ਡਾ. ਹਰਦੀਪ ਕੌਰ ਸੰਧੂ
(ਸਿਡਨੀ) 
ਨੋਟ: ਇਹ ਪੋਸਟ ਹੁਣ ਤੱਕ 34 ਵਾਰ ਖੋਲ੍ਹ ਕੇ ਪੜ੍ਹੀ ਗਈ ।


15 Jul 2013

ਵਿੱਸਰੀ ਫੱਟੀ

ਅੱਜ ਸਾਡੇ ਨਾਲ਼ ਇੱਕ ਹੋਰ ਨਵਾਂ ਨਾਂ ਆ ਜੁੜਿਆ ਹੈ- ਜਗਦੀਸ਼ ਰਾਏ ਕੁਲਰੀਆਂ । ਆਪ ਪਿੰਡ ਕੁਲਰੀਆਂ, ਜ਼ਿਲ੍ਹਾ ਮਾਨਸਾ ਪੰਜਾਬ ਤੋਂ ਹਨ । ਆਪ ਨੇ ਹਿੰਦੀ, ਪੰਜਾਬੀ , ਮਾਸ ਕਮਿਊਨੀਕੇਸ਼ਨ ਤੇ ਸ਼ੋਸ਼ਲ ਵਰਕ 'ਚ ਐਮ. ਏ , ਹਿੰਦੀ 'ਚ ਐਮ. ਫਿਲ ਤੇ ਡਿਪਲੋਮਾ ਪੱਤਰਕਾਰਤਾ ਤੇ ਜਨਸੰਚਾਰ, ਡਿਪਲੋਮਾ ਐਮ.ਪੀ.ਡਬਲਯੂ. ਤੱਕ ਦੀ ਵਿਦਿਅਕ ਯੋਗਤਾ ਹਾਸਿਲ ਕੀਤੀ ਹੈ। ਆਪ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਤਿੰਨੋਂ ਭਾਸ਼ਵਾਂ 'ਚ ਮਿੰਨੀ ਕਹਾਣੀ, ਲੇਖ, ਕਵਿਤਾ , ਵਿਅੰਗ ਤੇ ਸ਼ੇਅਰ ਲਿਖਦੇ ਹਨ। ਆਪ ਦਾ ਲੇਖਣ ਕਾਰਜ 1995 ਤੋਂ ਸ਼ੁਰੂ ਹੋਇਆ ।
ਮੌਲਿਕ ਪ੍ਰਕਾਸ਼ਨਾਵਾਂ   :  1. ਹਾਸ਼ੀਏ ਤੋਂ ਮੁੜਦੀ ਜ਼ਿੰਦਗੀ(ਨਾਟਕ)
    2. ਸੰਵਾਦ ਤੇ ਸਿਰਜਣਾ (ਮਿੰਨੀ ਕਹਾਣੀ ਲੇਖਕਾਂ ਨਾਲ ਮੁਲਾਕਾਤਾਂ) ਆਲੋਚਨਾ
ਸੰਪਾਦਨ/ਸਹਿ-ਸੰਪਾਦਨ1. ਪੰਜਾਬੀ ਮਿੰਨੀ ਕਹਾਣੀ ਦਾ ਵਰਤਮਾਨ(ਮਿੰਨੀ ਕਹਾਣੀ ਸੰਗ੍ਰਹਿ)        
     
2.  ਆਓ ਜਿਊਣ ਜੋਗੇ ਹੋਈਏ(ਸਿਹਤ ਚੇਤਨਾ ਸਬੰਧੀ ਲੇਖ ਸੰਗ੍ਰਹਿ)
   
3. ਮੈਂ ਪਾਣੀ ਕਹਾਂ ਕਹਾਣੀ (ਲੇਖ ਸੰਗ੍ਰਹਿ

ਖੋਜ ਕਾਰਜ   : ਪੰਜਾਬੀ ਔਰ ਹਿੰਦੀ ਲਘੂਕਥਾ ਕਾ ਤੁਲਨਾਤਾਮਕ ਅਧਿਐਨ(ਹਿੰਦੀ)

ਆਪ ਨੂੰ ਸਿਹਤ ਵਿਭਾਗ ਪੰਜਾਬ ਵਲੋਂ ਸਟੇਟ ਐਵਾਰਡ (2009) ਪ੍ਰਾਪਤ ਹੋਣ ਦੇ ਨਾਲ਼-ਨਾਲ਼ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਵਲੋਂ ਸਨਮਾਨ ਕੀਤਾ ਗਿਆ। 
ਅੱਜ ਆਪ ਨੇ ਹਾਇਕੁ ਲੋਕ ਨਾਲ਼ ਸਾਂਝ ਪਾਈ ਹੈ। ਮੈਂ ਆਪ ਦਾ ਹਾਇਕੁ-ਲੋਕ ਮੰਚ 'ਤੇ ਤਹਿ ਦਿਲੋਂ ਸੁਆਗਤ ਕਰਦੀ ਹਾਂ। ਆਸ ਕਰਦੀ ਹਾਂ ਕਿ ਆਪ ਸਾਡੇ ਨਾਲ਼ ਇਸੇ ਤਰਾਂ ਜੁੜੇ ਰਹਿਣਗੇ।

1.
ਸੀਟਾਂ ਨੇ ਖਾਲੀ
ਨਾ ਦਫ਼ਤਰੀ ਬਾਬੂ
ਮੁੜਦੇ ਲੋਕ ।


2.
ਘੜ੍ਹਦੇ ਕਾਨੀ
ਸਿਆਹੀ ਸੀ ਘੋਲ਼ਦੇ
ਵਿੱਸਰੀ ਫੱਟੀ ।

ਜਗਦੀਸ਼ ਰਾਏ ਕੁਲਰੀਆਂ
(ਬਰੇਟਾ-ਮਾਨਸਾ)
ਨੋਟ: ਇਹ ਪੋਸਟ ਹੁਣ ਤੱਕ 45 ਵਾਰ ਖੋਲ੍ਹ ਕੇ ਪੜ੍ਹੀ ਗਈ।

14 Jul 2013

ਹਾੜ ਦੀ ਗਰਮੀ

ਹਾੜ ਦੇ ਮਹੀਨੇ ਪੰਜਾਬ 'ਚ  ਪੈਂਦੀ ਅੰਤਾਂ ਦੀ ਗਰਮੀ 'ਚ ਲੋਕ ਹੀ ਨਹੀਂ ਪਸ਼ੂ-ਪੰਛੀ ਵੀ ਮੀਂਹ ਨੂੰ ਉਡੀਕਦੇ ਨੇ। ਘਰ ਦੇ ਪਿਛਵਾੜੇ ਖੜ੍ਹੀਆਂ ਮੱਝਾਂ-ਗਾਵਾਂ ਤੇ ਆਲ੍ਹਣਿਆਂ 'ਚ ਪੰਛੀਆਂ ਦੇ ਵਰਤਾਰੇ ਨੂੰ ਕੋਈ-ਕੋਈ ਹੀ ਗਹੁ ਨਾਲ਼ ਵਾਚਦਾ ਹੈ । ਸਾਡੀ ਇੱਕ ਹਾਇਕੁ ਕਲਮ ਨੇ ਅਜਿਹੇ ਵਰਤਾਰਿਆਂ ਨੂੰ ਹਾਇਕੁ-ਕਾਵਿ 'ਚ ਪਰੋ ਕੇ ਸਾਡੇ ਲਈ ਪੇਸ਼ ਕੀਤਾ ਹੈ ।

1.
ਗਰਮੀ ਮਾਰੀ
ਪਿੰਡੇ 'ਤੇ ਫੇਰੇ ਜੀਭਾਂ 
ਗਾਂ ਵੱਛੜੇ ਦੇ ।

2.
ਖੜ੍ਹਾ ਵੱਛੜਾ
ਸੁਣਦਾ ਕੰਨ ਚੁੱਕ
ਬੱਦਲ ਗੱਜੇ।

3.
ਮੀਂਹ ਵਰ੍ਹਦਾ
ਆਲ੍ਹਣਿਆਂ 'ਚ ਬੋਟ
ਚੀਂ-ਚੀਂ ਕਰਦੇ ।

ਪ੍ਰੋ. ਦਵਿੰਦਰ ਕੌਰ ਸਿੱਧੂ 
(ਕੈਲਗਿਰੀ- ਦੌਧਰ)

12 Jul 2013

ਇੱਕ ਸੀ ਚਿੜੀ

ਪੰਜਾਬ ਦੇ ਬੀਤੇ ਦਿਨਾਂ ਦੀਆਂ ਯਾਦਾਂ ਨੂੰ ਅਜੋਕੇ ਪਲਾਂ ਦੇ ਧਾਗੇ ਪਰੋਦਿੰਆਂ ਸਾਡੀ ਇੱਕ ਹਾਇਕੁ ਕਲਮ ਨੇ ਅੱਜ ਜੋ ਬਿਆਨਿਆ ਹੈ ਸਾਡੇ ਸਾਰਿਆਂ ਦੇ ਯਾਦ ਹੀ ਹੋਵੇਗਾ। ਇਸ ਨੂੰ ਇੱਕਠੇ ਬੈਠ ਯਾਦ ਕਰਦੇ ਰਹਿਣਾ ਤੇ ਆਪਣੇ ਚੇਤਿਆਂ 'ਚ ਤਰੋ-ਤਾਜ਼ਾ ਰੱਖਣਾ - ਸਾਨੂੰ ਸਾਡੇ ਅਤੀਤ ਤੋਂ ਦੂਰ ਨਹੀਂ ਹੋਣ ਦਿੰਦਾ। 

1.
ਇੱਕ ਸੀ ਚਿੜੀ
ਦਾਦੀ ਬਾਤ ਨਾ ਪਾਵੇ
ਯਾਦ ਰੁਆਵੇ ।

2.
ਚੜ੍ਹ ਕੰਧਾੜੇ
ਹੁਣ ਮੱਸਿਆ ਮੇਲੇ
ਪੋਤਾ ਨਾ ਜਾਵੇ ।

ਹਰਭਜਨ ਸਿੰਘ ਖੇਮਕਰਨੀ
(ਅੰਮ੍ਰਿਤਸਰ) 

ਨੋਟ: ਇਹ ਪੋਸਟ ਹੁਣ ਤੱਕ 14 ਵਾਰ ਖੋਲ੍ਹ ਕੇ ਪੜ੍ਹੀ ਗਈ।


11 Jul 2013

ਮੱਕੀ ਦੀ ਰੋਟੀ

ਪੰਜਾਬ 'ਚ ਭਾਵੇਂ ਹੁਣ ਲੋਹੜਿਆਂ ਦੀ ਗਰਮੀ ਪੈ ਰਹੀ ਹੈ, ਪਰ ਇੱਥੇ ਆਸਟ੍ਰੇਲੀਆ 'ਚ ਠੰਢ ਪੈ ਰਹੀ ਹੈ। ਸਿਆਲ਼ਾਂ ਦੀ ਰੁੱਤ ਹੋਵੇ ਤੇ ਸਾਡੀ ਪੰਜਾਬੀ ਕਲਮ ਸਾਗ ਤੇ ਮੱਕੀ ਦੀ ਰੋਟੀ ਦੀ ਕੋਈ ਗੱਲ ਨਾ ਕਰੇ, ਇਹ ਕਿਵੇਂ ਹੋ ਸਕਦਾ ਹੈ। 

1.
ਮਿੱਟੀ ਦਾ ਚੁੱਲ੍ਹਾ
ਮਿੱਟੀ ਦੀ ਹਾਂਡੀ ਧਰੀ
ਰਿੱਝਦਾ ਸਾਗ ।
2.
ਆਲਣ ਪਾਵੇ
ਘੋਟ ਕਰੇ ਮਲਾਈ
ਮੱਖਣੀ ਪਾਈ ।

3.
ਮੱਕੀ ਦੀ ਰੋਟੀ 
ਥੱਪ ਲੋਹ 'ਤੇ ਪਾਈ
ਯਾਦਾਂ 'ਚ ਛਾਈ ।

ਜੋਗਿੰਦਰ ਸਿੰਘ 'ਥਿੰਦ'
(ਸਿਡਨੀ) 
ਨੋਟ: ਇਹ ਪੋਸਟ ਹੁਣ ਤੱਕ 51 ਵਾਰ ਖੋਲ੍ਹ ਕੇ ਪੜ੍ਹੀ ਗਈ।

10 Jul 2013

ਯਾਦ ਤੇਰੀ

ਹਾਇਕੁ ਲੋਕ ਹੁਣ ਇੱਕ ਪਰਿਵਾਰ ਹੈ ਤੇ ਪਰਿਵਾਰ ਦੇ ਜੀਆਂ ਦੇ ਸੁੱਖ-ਦੁੱਖ ਸਾਂਝੇ ਹੁੰਦੇ ਹਨ। ਜਦੋਂ ਕਿਸੇ ਘਰ ਦੇ ਜੀਅ ਨੂੰ ਕੋਈ ਦੁੱਖ ਹੋਵੇ ਤਾਂ ਬਾਕੀ ਦੇ ਟੱਬਰ ਨੂੰ ਕਦੋਂ ਚੈਨ ਆਉਂਦਾ। ਕੁਝ ਇਹੋ ਜਿਹਾ ਹੀ ਹੋਇਆ ਪਿੱਛਲੇ ਦਿਨੀਂ। ਜਦੋਂ ਅਸੀਂ ਥਿੰਦ ਜੀ ਦੇ ਅਸਹਿ ਦਰਦ ਨੂੰ ਵੰਡਾਉਣ ਦੀ ਕੋਸ਼ਿਸ਼ 'ਚ ਸਾਂ ਤਾਂ ਸਾਡੀ ਇੱਕ ਸੰਵੇਦਨਸ਼ੀਲ ਕਲਮ ਇਓਂ ਬੋਲ ਪਈ। 

"ਥਿੰਦ ਜੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਅਸਹਿ ਪੀੜ ਨੂੰ ਸਮਝ ਸਕਦੀ ਹਾਂ, ਪ੍ਰਮਾਤਮਾ ਇਸ ਵਿਛੋੜੇ ਨੂੰ ਸਹਿਣ ਕਰਨ ਦੀ ਤਾਕਤ ਬਖਸ਼ੇ। ਅੱਜ ਤਾਂ ਮੇਰੀ ਕਲਮ ਵੀ ਭਾਵਕ ਹੋ ਗਈ ਹੈ।"

ਉਹ ਦਿਨ ਸੀ
ਕਿੰਨਾ ਹੀ ਮਨਹੂਸ
ਵਿਛੜਿਆ ਸੀ 
ਤੂੰ ਪਰਿਵਾਰ ਨਾਲੋਂ
ਚਲਾ ਗਿਆ ਸੀ
ਦੂਰ-ਦੁਰੇਡੇ ਰਾਹ 
ਤਰਸ ਰਹੀ
ਤੇਰੀ ਮਾਂ ਦੀ ਬੁੱਕਲ਼ 
ਰਹੀ ਨਾ ਚਾਹ
ਬਾਬਲ ਦੀ ਕੋਈ ਵੀ
ਹਾਉਕੇ ਭਰੇ
ਜੀਵਣ ਸਾਥਣ ਵੀ
ਕਿਲਕਾਰੀਆਂ 
ਗੁਆਚ ਨੇ ਗਈਆਂ 
ਕਿੱਥੇ ਜਾ ਬੈਠਾ
ਨਿਰਮੋਹਿਆ ਬਣ
ਨਹੀਂ ਭਾਉਂਦੀ 
ਇਹ ਦੁਨੀਆਂ ਸਾਨੂੰ 
ਨਹੀਂ ਲੱਭਦੇ
ਪੈੜਾਂ ਦੇ ਨਿਸ਼ਾਨ ਵੀ 
ਨਹੀਂ ਹੁੰਦਾ ਸਬਰ ।

ਨਿਰਮਲ ਸਤਪਾਲ
(ਲੁਧਿਆਣਾ) 
ਨੋਟ: ਇਹ ਪੋਸਟ ਹੁਣ ਤੱਕ 16 ਵਾਰ ਖੋਲ੍ਹ ਕੇ ਪੜ੍ਹੀ ਗਈ

8 Jul 2013

ਵਤਨੋਂ ਦੂਰ

1.
ਆਵੇ ਖੁਸ਼ਬੂ
ਵਤਨ ਦੀ ਮਿੱਟੀ ਦੀ 
ਵਤਨੋਂ ਦੂਰ।

2.
ਪਿੰਡ ਦੀ ਯਾਦ
ਸਤਾਉਂਦੀ ਸਭ ਨੂੰ
ਵਤਨੋਂ ਦੂਰ ।

3.
ਪੌਣ ਦਾ ਬੁੱਲਾ
ਸੁਨੇਹਾ ਲਿਆਉਂਦਾ 
ਵਤਨੋਂ ਦੂਰ ।

ਪ੍ਰੋ. ਨਿਤਨੇਮ ਸਿੰਘ
(ਨਾਨਕਪੁਰ-ਮੁਕਤਸਰ) 
* 'ਹਾਇਕੁ ਬੋਲਦਾ ਹੈ' ਵਿੱਚੋਂ ਧੰਨਵਾਦ ਸਹਿਤ 

7 Jul 2013

ਇੱਕ ਤੇਰੀ ਯਾਦ

"ਅਜੇ ਤੱਕ ਮਨ ਜੋਗੀ ਨਹੀਂ ਬਣਿਆ ਜੋ ਦੁੱਖ 'ਚ ਰੋਂਦਾ ਨਹੀਂ ਤੇ ਸੁੱਖ 'ਚ ਹੱਸਦਾ ਨਹੀਂ। ਭਾਵੇਂ ਅੱਜ ਵੀ ਓਹੀਓ ਸੂਰਜ ਹੈ ਤੇ ਓਹੀਓ ਚੰਨ-ਤਾਰਿਆਂ ਦੀ ਲੋਅ ਹੈ ਪਰ ਤੇਰੇ ਬਗੈਰ ਛਲਕਦੀਆਂ ਅੱਖੀਆਂ 'ਚੋਂ ਸਭ ਕੁਝ ਧੁੰਦਲਾ ਜਿਹਾ ਦਿੱਖਦਾ ਹੈ। ਤੇਰੇ ਬਿਨਾਂ ਸੁੰਨਾ ਵਿਹੜਾ ਉਦਾਸ ਹੈ ਤੇ ਤੱਕਦਾ ਰਹਿੰਦਾ ਦਹਿਲੀਜ਼ਾਂ ਵੱਲ ......ਸ਼ਾਇਦ ਤੂੰ ਆ ਜਾਵੇਂ.....ਹੁਣੇ ਹੀ ਆ ਜਾਵੇਂ !"
            ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਸ. ਜੋਗਿੰਦਰ ਸਿੰਘ ਥਿੰਦ ਜੀ ਦੇ ਸਪੁੱਤਰ ਸੰਦੀਪ ਸਿੰਘ ਨੂੰ ਵਿਛੜਿਆਂ ਅੱਜ ਪੂਰਾ ਇੱਕ ਸਾਲ ਹੋ ਗਿਆ। ਦਿਨਾਂ ਦੇ ਮਹੀਨੇ ਤੇ ਮਹੀਨਿਆਂ ਦੇ ਸਾਲ ਬਣਦੇ ਜਾਣਗੇ, ਪਰ ਓਸ ਅਣਦੇਖੀ ਥਾਂ ਜਾ ਵਸਣ ਵਾਲ਼ਾ, ਬੁੱਢਾਪੇ ਦੀ ਡੰਗੋਰੀ ਬਣਨ ਵਾਲ਼ਾ ਮੁੜ ਕਦੇ ਨਹੀਂ ਆਵੇਗਾ। ਅੱਜ ਹਾਇਕੁ-ਲੋਕ ਮੰਚ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਹੈ । ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ! 

1.

ਧੁਰ ਕਲੇਜੇ
ਹੋਣੀ ਦੀ ਕੂਕ ਵੱਜੀ
ਨੁੱਚੜੀਆਂ ਅੱਖੀਆਂ।
ਕੰਬਿਆ ਆਪਾ 
ਹਾਉਕੇ ਹਾਵੇ ਕਿਰੇ
ਮੁੱਠੀ 'ਚੋਂ ਰੇਤ ਵਾਂਗੂੰ ।

2.
ਤੁਰ ਗਿਓਂ ਤੂੰ 
ਖਾਮੋਸ਼ੀ ਦਾ ਖੰਜਰ
ਜ਼ਖਮੀ ਕਰੇ ਰੂਹ ।
ਜ਼ਿੰਦਾ ਲਾਸ਼ ਹਾਂ
ਨਾ ਫੱਟ ਭਰਦੇ ਨੇ
ਨਾ ਮੌਤ ਆਉਂਦੀ ਏ !

ਡਾ. ਹਰਦੀਪ ਕੌਰ ਸੰਧੂ
( ਸਿਡਨੀ-ਬਰਨਾਲ਼ਾ) 

ਨੋਟ: ਇਹ ਪੋਸਟ ਹੁਣ ਤੱਕ 35 ਵਾਰ ਖੋਲ੍ਹ ਕੇ ਪੜ੍ਹੀ ਗਈ

5 Jul 2013

ਧਰਤੀ ਪੁੱਤ

1
ਧਰਤੀ ਪੁੱਤ 
ਤਬਾਹੀ ਮਚਾਉਣ
ਮਾਰਨ  ਛਾਲਾਂ 
ਮਜ਼ਾਕ ਉਡਾਉਣ 
ਹੱਸਣ -ਹਸਾਉਣ ।

2
ਧਰਤੀ ਪੁੱਤ 
ਮਰਨ -ਮਰਾਉਣ 
ਨਾ  ਸਮਝਣ 
ਇਸ ਕੁਦਰਤ ਨੂੰ 
ਜਿਥੋਂ ਸਾਰੇ ਆਉਣ ।

3
ਧਰਤੀ ਪੁੱਤ 
ਕੂੜ ਨੇ ਕਮਾਉਂਦੇ
ਇੱਕ ਮਾਂ ਜਾਏ 
ਇੱਕ ਦੂਜੇ ਨੂੰ ਖਾਣ 
ਹਵਸ ਮਿਟਾਉਣ  ।

ਡਾ. ਸ਼ਿਆਮ ਸੁੰਦਰ ਦੀਪਤੀ
(ਅੰਮ੍ਰਿਤਸਰ) 
ਨੋਟ: ਇਹ ਪੋਸਟ ਹੁਣ ਤੱਕ 24 ਵਾਰ ਖੋਲ੍ਹ ਕੇ ਪੜ੍ਹੀ ਗਈ

4 Jul 2013

ਧੀ ਧਿਆਣੀ

ਹਾਇਕੁ-ਲੋਕ ਦੇ ਦੂਜੇ ਵਰ੍ਹੇ 'ਚ ਇੱਕ ਹੋਰ ਨਾਂ ਆ ਜੁੜਿਆ ਹੈ- ਨਿਰਮਲ ਸਤਪਾਲ । ਆਪ ਰਾਜਨੀਤੀ ਸ਼ਾਸਤਰ, ਹਿੰਦੀ ਤੇ ਪੰਜਾਬੀ 'ਚ ਐਮ. ਏ. -ਐਮ.ਐਡ. ਹਨ। ਅੱਜਕੱਲ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਨੂਰਪੁਰ ਬੇਟ (ਲੁਧਿਆਣਾ) ਵਿਖੇ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਹੁਣ ਤੱਕ ਆਪ ਦੇ ਦੋ ਕਾਵਿ ਸੰਗ੍ਰਹਿ- ਸਾਹਾਂ ਦੀ ਸਾਂਝ (2009) ਤੇ ਸਾਹਾਂ ਦੀ ਤੰਦ (2011) ਅਤੇ ਇੱਕ ਕਹਾਣੀ ਸੰਗ੍ਰਹਿ - ਨਵੀਂ ਸੋਚ ਆ ਚੁੱਕਿਆ ਹੈ। 
ਅੱਜ ਆਪ ਨੇ ਹਾਇਕੁ ਲੋਕ ਨਾਲ਼ ਸਾਂਝ ਇੱਕ ਚੋਕਾ ਲਿਖ ਕੇ ਪਾਈ ਹੈ। ਮੈਂ ਹਾਇਕੁ-ਲੋਕ ਮੰਚ ਵਲੋਂ ਆਪ ਦਾ ਤਹਿ ਦਿਲੋਂ ਸੁਆਗਤ ਕਰਦੀ ਹਾਂ। ਆਸ ਕਰਦੀ ਹਾਂ ਕਿ ਆਪ ਅੱਗੋਂ ਵੀ ਸਾਡੇ ਨਾਲ਼ ਇਸੇ ਤਰਾਂ ਜੁੜੇ ਰਹਿਣਗੇ ਤੇ ਆਪਣੀ ਕਲਮ ਦੀ ਸਾਂਝ ਪਾਉਂਦੇ ਰਹਿਣਗੇ। 

ਧੀ ਧਿਆਣੀ ਏ 
ਘਰ ਦੀ ਸ਼ਾਨ ਹੁੰਦੀ
ਧੀਆਂ ਬਿਨਾਂ ਨੇ
ਸੁੰਨੇ ਨੇ ਘਰ ਲੋਕੋ
ਪੁੱਛੋ ਉਸ ਤੋਂ 
ਜਿਸ ਘਰ ਧੀ ਨਹੀਂ 
ਬੀਆਬਾਨ ਹੀ
ਹੁੰਦੇ ਨੇ ਘਰ ਲੋਕੋ 
ਅੱਜ ਧੀ ਓਹ
ਕੱਲ ਨੂੰ ਮਾਂ ਬਣਨਾ
ਚੱਲੇ ਦਿਨੀਆਂ 
ਧੀਆਂ ਨਾਲ਼ ਹੀ ਲੋਕੋ 
ਕੁੱਖ 'ਚ ਕਿਓਂ
ਧੀਆਂ ਨੂੰ ਮਾਰਦੇ ਹੋ
ਬੇਦਰਦੀਓ 
'ਨਿਰਮਲ' ਰੂਹ ਹੈ
ਧੀਆਂ ਦੀ ਜਾਨ ਲੋਕੋ!

ਨਿਰਮਲ ਸਤਪਾਲ 
(ਲੁਧਿਆਣਾ) 
{ਨੋਟ- ਇਹ ਪੋਸਟ ਹੁਣ ਤੱਕ 67 ਵਾਰ ਖੋਲ੍ਹ ਕੇ ਪੜ੍ਹੀ ਗਈ }

2 Jul 2013

ਖਾਬਾਂ ਦੀ ਫੁੱਲਵਾੜੀ

1.
ਮੇਲ ਮਿਲਾਏ
ਸੱਜਣ ਘਰ ਆਏ
ਮੈਂ ਵਿੱਚ ਤੂੰ ਹੋਇਆ ।
ਬਾਹਾਂ ਦੇ ਵਿੱਚ
ਪਿਘਲ ਗਈ ਸਾਰੀ
ਮਨ ਮੇਰੇ ਦੀ ਚਿੰਤਾ ।
2.
ਮੇਰੇ ਵੇਹੜੇ
ਖਾਬਾਂ ਦੀ ਫੁੱਲਵਾੜੀ
ਖੁੱਲਾ ਸੀ ਦਰਵਾਜਾ ।
ਖੁਸ਼ਬੂ ਉੱਡੀ
ਤੇਰੀ ਮੇਰੀ ਨਾ ਜਾਣੇ
ਸਭ ਨੂੰ ਪਈ ਚੁੰਮੇ ।

3.
ਲੱਗਾ ਰੋਟੀ ਸੀ
ਚੰਨ ਦੇਸ਼ ਆਪਣੇ
ਫੜ ਨਾ ਸਕਿਆ ਮੈਂ ।
ਵਿੱਚ ਪ੍ਰਦੇਸ
ਗਗਨ 'ਤੇ ਚੰਨ ਸੀ
ਫਿਰ ਰੋਟੀ ਵਰਗਾ ।

ਦਿਲਜੋਧ ਸਿੰਘ 
(ਯੂ. ਐਸ. ਏ.)
ਨੋਟ: ਇਹ ਪੋਸਟ ਹੁਣ ਤੱਕ 33 ਵਾਰ ਖੋਲ੍ਹ ਕੇ ਪੜ੍ਹੀ ਗਈ